ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਇਕ ਵਾਰ ਫਿਰ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਵਿਦਿਆਰਥੀਆਂ ਅਤੇ ਪੁਲਿਸ ਵਿਚ ਧੱਕਾ-ਮੁੱਕੀ ਹੋਈ। ਵਿਦਿਆਰਥੀਆਂ ਨੇ ਗੇਟ ਨੰਬਰ 2 ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ “ਚੰਡੀਗੜ੍ਹ ਪੁਲਿਸ ਗੋ ਬੈਕ” ਦੇ ਨਾਰੇ ਲਗਾਏ।
ਮੌਕੇ ‘ਤੇ ਹਾਲਾਤ ਗਰਮਾਉਂਦੇ ਵੇਖ ਕੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ। ਵਿਦਿਆਰਥੀ ਅੰਦੋਲਨ ਦਾ ਸਮਰਥਨ ਕਰਨ ਲਈ ਫਰੀਦਕੋਟ ਦੇ ਸਾਂਸਦ ਸਰਬਜੀਤ ਸਿੰਘ ਖਾਲਸਾ ਵੀ ਯੂਨੀਵਰਸਿਟੀ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਮਾਮਲਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਉਹ ਵਿਦਿਆਰਥੀਆਂ ਦੇ ਨਾਲ ਖੜੇ ਹਨ।
ਇੱਥੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ ਦੇ ਵਿਦਿਆਰਥੀ ਅਭਿਸ਼ੇਕ ਡਾਗਰ ਪਿਛਲੇ ਚਾਰ ਦਿਨਾਂ ਤੋਂ ਭੁੱਖ ਹੜਤਾਲ‘ਤੇ ਬੈਠੇ ਹਨ। ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਵਿਦਿਆਰਥੀਆਂ ਨੇ ਅਜਿਹਾ ਨਹੀਂ ਹੋਣ ਦਿੱਤੀ ਅਤੇ ਇਲਜਾਮ ਲਗਾਇਆ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਮਾੜਾ ਵਤੀਰਾ ਕੀਤਾ ਗਿਆ।
ਅਭਿਸ਼ੇਕ ਡਾਗਰ ਸਟੂਡੈਂਟ ਆਰਗਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (SOPU) ਦੇ ਨੇਤਾ ਅਤੇ ਕੌਂਸਲ ਦੇ ਜਨਰਲ ਸਕੱਤਰ ਹਨ। ਉਨ੍ਹਾਂ ਦਾ ਧਰਨਾ ਵਾਈਸ ਚਾਂਸਲਰ ਦਫ਼ਤਰ ਦੇ ਸਾਹਮਣੇ ਚੱਲ ਰਿਹਾ ਹੈ, ਜਿਸਨੂੰ ਹਟਾਉਣ ਲਈ ਪੁਲਿਸ ਵੱਲੋਂ ਪਹਿਲਾਂ ਗੱਲਬਾਤ ਅਤੇ ਫਿਰ ਹਲਕਾ ਬਲ ਪ੍ਰਯੋਗ ਕੀਤਾ ਗਿਆ।
ਦੂਜੇ ਪਾਸੇ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੀਨੇਟ ਅਤੇ ਸਿੰਡਿਕੇਟ ਦੋਵੇਂ ਭੰਗ ਕਰ ਦਿੱਤੇ ਜਾਣ ਕਾਰਨ ਵਿਵਾਦ ਹੋਰ ਵੀ ਤੇਜ਼ ਹੋ ਗਿਆ ਹੈ। ਇਸ ਮਾਮਲੇ ‘ਤੇ ਚੰਡੀਗੜ੍ਹ ਦੇ ਸਾਂਸਦ ਮਨੀਸ਼ ਤਿਵਾਰੀ , ਫਤਿਹਗੜ੍ਹ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਅਤੇ ਹੋਰ ਕਈ ਪੁਰਾਣੇ ਵਿਦਿਆਰਥੀ ਨੇਤਾ ਵੀ ਸਮਰਥਨ ਵਿੱਚ ਪਹੁੰਚ ਰਹੇ ਹਨ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਜੂਨ 2025 ਵਿੱਚ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਮੁਤਾਬਕ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ 11 ਸ਼ਰਤਾਂ ਵਾਲਾ ਹਲਫਨਾਮਾ ਦੇਣਾ ਲਾਜ਼ਮੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਕਿਸੇ ਵੀ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈਣਗੇ ਅਤੇ ਉਨ੍ਹਾਂ ਖ਼ਿਲਾਫ ਕੋਈ ਅਪਰਾਧਕ ਮਾਮਲਾ ਨਹੀਂ ਹੋਣਾ ਚਾਹੀਦਾ। ਇਸ ਹੁਕਮ ਦਾ ਵਿਰੋਧ ਕਰਦੇ ਹੋਏ ਕਈ ਵਿਦਿਆਰਥੀ ਸੰਗਠਨ ਲੰਮੇ ਸਮੇਂ ਤੋਂ ਆੰਦੋਲਨ ਕਰ ਰਹੇ ਹਨ।














