ਨਵੀ ਦਿੱਲੀ : ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 12 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਜੂਨ ਨੂੰ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਪੀਐਮ ਮੋਦੀ ਨੇ 26 ਮਈ 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਅੱਜ ਉਨ੍ਹਾਂ ਦੇ ਕਾਰਜਕਾਲ ਦੇ 4399 ਦਿਨ ਪੂਰੇ ਹੋ ਗਏ ਹਨ।
ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਮ ਸੀ। ਉਹ 4398 ਦਿਨਾਂ ਤੱਕ ਇਸ ਅਹੁਦੇ ‘ਤੇ ਰਹੇ। ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਇਹ ਲਗਾਤਾਰ ਤੀਜਾ ਕਾਰਜਕਾਲ ਹੈ। ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ‘ਤੇ ਰਹਿਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਦਾ ਜਸ਼ਨ ਮਨਾਇਆ ਜਾਵੇਗਾ।
ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ‘ਤੇ ਅੱਜ ਦੁਪਹਿਰ 3 ਵਜੇ ਐਨ.ਡੀ.ਏ. ਦੀ ਅਹਿਮ ਬੈਠਕ ਹੋਵੇਗੀ। ਭਾਰਤ ਮੰਡਪਮ ਵਿੱਚ ਹੋਣ ਵਾਲੀ ਇਸ ਬੈਠਕ ਵਿੱਚ ਭਾਜਪਾ ਅਤੇ ਐਨ.ਡੀ.ਏ. ਸ਼ਾਸਿਤ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਅਤੇ ਹੋਰ ਪ੍ਰਮੁੱਖ ਨੇਤਾ ਸ਼ਾਮਲ ਹੋਣਗੇ।
ਬੈਠਕ ਵਿੱਚ ਮੋਦੀ ਦੇ ਇਸ ਰਿਕਾਰਡ ‘ਤੇ ਵਧਾਈ ਦਾ ਮਤਾ ਪਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ‘ਵਿਕਸਿਤ ਭਾਰਤ-2047’ ਦੇ ਰੋਡਮੈਪ, ਕੇਂਦਰ ਅਤੇ ਰਾਜਾਂ ਵਿਚਕਾਰ ਬਿਹਤਰ ਤਾਲਮੇਲ, ਵਿਕਾਸ ਪ੍ਰੋਜੈਕਟਾਂ, ‘ਈਜ਼ ਆਫ ਲਿਵਿੰਗ’ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਨੂੰ ਅੱਗੇ ਵਧਾਉਣ ‘ਤੇ ਚਰਚਾ ਹੋਵੇਗੀ।
ਦਰਅਸਲ, 15 ਅਗਸਤ 1947 ਨੂੰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ 15 ਅਗਸਤ 1947 ਤੋਂ 13 ਮਈ 1952 ਤੱਕ ਕੁੱਲ 1732 ਦਿਨ ਪ੍ਰਧਾਨ ਮੰਤਰੀ ਰਹੇ।ਇਸਤੋਂ ਬਾਅਦ 1952 ਵਿੱਚ ਦੇਸ਼ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਕਾਂਗਰਸ ਸੱਤਾ ਵਿੱਚ ਆਈ। ਸੰਸਦੀ ਦਲ ਨੇ ਨਹਿਰੂ ਨੂੰ ਆਪਣਾ ਨੇਤਾ ਚੁਣਿਆ। ਇਸ ਤੋਂ ਬਾਅਦ ਨਹਿਰੂ 13 ਮਈ 1952 ਤੋਂ 27 ਮਈ 1964 ਤੱਕ ਲਗਾਤਾਰ ਚੁਣੇ ਹੋਏ ਪ੍ਰਧਾਨ ਮੰਤਰੀ ਰਹੇ।














