ਮੌਂਟਰੀਅਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੌਂਟਰੀਅਲ ਦੇ ਇਕ ਸ਼ਖਸ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕਰ ਲਿਆ ਹੈ। 30 ਸਾਲ ਦੇ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਦੋਸ਼ੀ ਕਰਾਰ ਦਿਤੇ ਜਾਣ ’ਤੇ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਧਮਕੀ ਸੋਸ਼ਲ ਮੀਡੀਆ ਰਾਹੀਂ ਦਿਤੀ ਗਈ ਅਤੇ ਸ਼ੱਕੀ ਵੱਲੋਂ ਧਮਕੀਆਂ ਭਰੀਆਂ ਟਿੱਪਣੀਆਂ ਕੀਤੇ ਜਾਣ ਮਗਰੋਂ ਆਰੰਭੀ ਪੜਤਾਲ ਦੇ ਆਧਾਰ ’ਤੇ 31 ਜਨਵਰੀ ਨੂੰ ਦੋਸ਼ ਆਇਦ ਕਰ ਦਿਤੇ ਗਏ।
ਆਰ.ਸੀ.ਐਮ.ਪੀ. ਨੇ ਕਾਬੂ ਕੀਤਾ ਮੌਂਟਰੀਅਲ ਨਾਲ ਸਬੰਧਤ ਸ਼ੱਕੀ
ਆਰ.ਸੀ.ਐਮ.ਪੀ. ਦੀ ਕਿਊਬੈਕ ਡਵੀਜ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਨਾਲ ਸਬੰਧਤ ਕਈ ਮਾਮਲਿਆਂ ਦੀ ਅਤੀਤ ਵਿਚ ਪੜਤਾਲ ਕੀਤੀ ਜਾ ਚੁੱਕੀ ਹੈ ਪਰ ਹਰ ਇਕ ਮਾਮਲੇ ਵਿਚ ਦੋਸ਼ ਆਇਦ ਨਹੀਂ ਕੀਤੇ ਗਏ। ਇਹ ਰੁਝਾਨ ਕੋਰੋਨਾ ਮਹਾਮਾਰੀ ਦੌਰਾਨ ਵਧਿਆ ਅਤੇ ਇਸ ਮਗਰੋਂ 2021 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਸਾਹਮਣੇ ਆਇਆ। ਪ੍ਰਚਾਰ ਕਰ ਰਹੇ ਟਰੂਡੋ ’ਤੇ ਇਕ ਸ਼ਖਸ ਵੱਲੋਂ ਰੋੜੇ ਮਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਫਿਲਹਾਲ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਤਾਜ਼ਾ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।