ਲੈਕਮੇ ਫੈਸ਼ਨ ਸ਼ੋਅ ਵੀਕ ’ਚ ਸਿੱਖੀ ਸਰੂਪ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਪੰਜਾਬ ਦੀ ਪ੍ਰਭਦੀਪ ਕੌਰ ਨੇ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਸਜਾ ਕੇ ਸ਼ੋਅ ਵਿਚ ਹਿੱਸਾ ਲਿਆ। ਸ਼ੋਅ ਦੌਰਾਨ ਜਿਥੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿਤਾ ਗਿਆ, ਉਥੇ ਹੀ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਵੀ ਦਸਤਾਰ ਸਜਾ ਕੇ ਸ਼ੋਅ ਵਿਚ ਭਾਗ ਲੈਣ ਲਈ ਪ੍ਰਭਦੀਪ ਦੀ ਪ੍ਰਸ਼ੰਸਾ ਕੀਤੀ ਹੈ।
ਪ੍ਰਭਦੀਪ ਕੌਰ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਦਸਤਾਰ ਸਜਾ ਕੇ ਸਕੂਲ ਜਾਂਦੀ ਸੀ। ਉਸ ਦਾ ਇਹੀ ਸੁਪਨਾ ਹੈ ਕਿ ਗੁਰੂ ਸਾਹਿਬਾਨਾਂ ਵਲੋਂ ਬਖ਼ਸ਼ੀ ਗਈ ਦਾਤ ਦਸਤਾਰ ਦੀ ਪਛਾਣ ਦੁਨੀਆਂ ਦੇ ਕੋਨੇ-ਕੋਨੇ ’ਚ ਹੋਵੇ। ਉਸ ਨੇ ਦਸਿਆ ਕਿ ਇਸ ਸ਼ੋਅ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ।
ਉਸ ਦਾ ਕਹਿਣਾ ਹੈ ਕਿ ਉਸ ਨੇ ਦਸਤਾਰ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਤ ਕਰਨ ਦੇ ਮਕਸਦ ਤਹਿਤ ਇਸ ਫੈਸ਼ਨ ਸ਼ੋਅ ਵਿਚ ਭਾਗ ਲਿਆ ਹੈ। ਦੱਸ ਦੇਈਏ ਕਿ ਪ੍ਰਭਦੀਪ ਕੌਰ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ। ਉਹ ਕੈਲੀਫੋਰਨੀਆ ਦੇ ਕਾਊਂਟੀ ਹਸਪਤਾਲ ਤੋਂ ਇਲਾਵਾ ਮਟੀਕਾ ਦੇ ਹਸਪਤਾਲ ’ਚ ਨਰਸ ਦਾ ਕੰਮ ਕਰਦੀ ਹੈ।