ਕੈਨੇਡਾ ‘ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਅਗਲੇ ਮਹੀਨੇ ਤੋਂ ਕੁਝ ਬਿਨੈਕਾਰਾਂ ਲਈ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਨਵੀਂਆਂ ਦਰਾਂ 30 ਅਪ੍ਰੈਲ ਨੂੰ ਲਾਗੂ ਹੋਣਗੀਆਂ। ਇਹ ਦੇਸ਼ ਦੇ ਇਮੀਗ੍ਰੈਂਟ ਅਤੇ ਰਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ (IRPR) ‘ਤੇ ਆਧਾਰਿਤ ਹਨ, ਜਿਸ ਦੀ ਗਣਨਾ ਕੈਨੇਡਾ ਦੇ ਖਪਤਕਾਰ ਮੁੱਲ ਸੂਚਕਾਂਕ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।

ਰਿਪੋਰਟ ਮੁਤਾਬਕ ਇਹ ਫੀਸ ਅਪ੍ਰੈਲ 2024 ਤੋਂ ਮਾਰਚ 2026 ਦਰਮਿਆਨ ਲਾਗੂ ਹੋਵੇਗੀ। ਰਿਪੋਰਟ ਦੇ ਅਨੁਸਾਰ, ਕੈਨੇਡੀਅਨ ਸਰਕਾਰ ਨੇ 30 ਮਾਰਚ ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਇਸ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਵਾਲੀ ਸਥਾਈ ਨਿਵਾਸ ਫੀਸ ਵਿੱਚ ਲਗਭਗ 12 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ। ਸਥਾਈ ਨਿਵਾਸ ਅਰਜ਼ੀ ਦੀ ਫੀਸ 515 ਕੈਨੇਡੀਅਨ ਡਾਲਰ ਤੋਂ ਵਧ ਕੇ 575 ਕੈਨੇਡੀਅਨ ਡਾਲਰ ਹੋ ਜਾਵੇਗੀ, ਜਦੋਂ ਕਿ ਸੰਘੀ ਹੁਨਰਮੰਦ ਕਾਮਿਆਂ ਅਤੇ ਕਿਊਬਿਕ ਹੁਨਰਮੰਦ ਕਾਮਿਆਂ ਲਈ ਅਰਜ਼ੀ ਦੀ ਲਾਗਤ 950 ਕੈਨੇਡੀਅਨ ਡਾਲਰ ਤੱਕ ਵਧ ਜਾਵੇਗੀ।
ਰਿਪੋਰਟ ਦੇ ਅਨੁਸਾਰ 2022 ਵਿੱਚ ਸਥਾਈ ਨਿਵਾਸ ਪ੍ਰੋਗਰਾਮ ਦੇ ਤਹਿਤ 118,000 ਤੋਂ ਵੱਧ ਭਾਰਤੀ ਕੈਨੇਡਾ ਵਿੱਚ ਸੈਟਲ ਹੋਏ, ਜੋ ਕੁੱਲ ਨਵੇਂ ਨਿਵਾਸੀਆਂ ਦਾ ਲਗਭਗ 27 ਪ੍ਰਤੀਸ਼ਤ ਹੈ। ਚੀਨ ਸਿਰਫ 31,841 ਸਥਾਈ ਨਿਵਾਸੀਆਂ ਦੇ ਨਾਲ ਭਾਰਤ ਤੋਂ ਪਿੱਛੇ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਸਬੰਧਾਂ ਵਿੱਚ ਖਟਾਸ ਆਈ ਹੈ, ਜਿਸ ਕਾਰਨ 2023 ਵਿੱਚ ਅਰਜ਼ੀਆਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ।