ਚੰਡੀਗੜ੍ਹ/ਲੁਧਿਆਣਾ: ਪੰਜਾਬ ਵਿੱਚ ਬਿਜਲੀ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਸੂਬੇ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਕਥਿਤ ਤੌਰ ’ਤੇ ਸਿਰਫ਼ ਦੋ ਦਿਨ ਦਾ ਕੋਲਾ ਬਚਿਆ ਹੈ। ਜੇਕਰ ਇਸ ਦੌਰਾਨ ਕੋਲੇ ਦੀ ਸਪਲਾਈ ਨਾ ਹੋਈ ਤਾਂ ਪ੍ਰਾਈਵੇਟ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਰੁਕ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਮ ਖਪਤਕਾਰਾਂ ਦੇ ਨਾਲ-ਨਾਲ ਸਨਅਤ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਕੋਲ 5680 ਮੈਗਾਵਾਟ ਉਤਪਾਦਨ ਸਮਰੱਥਾ
ਪੰਜਾਬ ਵਿੱਚ ਥਰਮਲ ਪਲਾਂਟਾਂ ਰਾਹੀਂ ਕੁੱਲ 5680 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਨ੍ਹਾਂ ਵਿੱਚ ਤਿੰਨ ਸਰਕਾਰੀ ਪਲਾਂਟਾਂ ਦੀ ਸਮਰੱਥਾ 2300 ਮੈਗਾਵਾਟ ਹੈ, ਜਦਕਿ ਦੋ ਪ੍ਰਾਈਵੇਟ ਪਲਾਂਟਾਂ ਦੀ ਉਤਪਾਦਨ ਸਮਰੱਥਾ 3380 ਮੈਗਾਵਾਟ ਹੈ। ਪ੍ਰਾਈਵੇਟ ਪਲਾਂਟਾਂ ਵਿੱਚ ਉਤਪਾਦਨ ਬੰਦ ਹੋਣ ਦੀ ਸਥਿਤੀ ਵਿੱਚ ਸੂਬੇ ਨੂੰ ਕੇਂਦਰੀ ਪੂਲ ਤੋਂ ਹੋਰ ਬਿਜਲੀ ਲੈਣੀ ਪਵੇਗੀ।
ਸਰਕਾਰ ਦੇ ਕਦਮਾਂ ’ਤੇ ਸਵਾਲ
ਬਿਜਲੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਹਨ, ਇਸ ਬਾਰੇ ਬਿਜਲੀ ਮੰਤਰੀ ਜਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਾਰਨ ਖਪਤਕਾਰਾਂ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਲੁਧਿਆਣਾ ਦੇ ਸਨਅਤਕਾਰਾਂ ਦੀ ਚੇਤਾਵਨੀ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੁਧਿਆਣਾ ਦੇ ਸਨਅਤਕਾਰਾਂ ਨੇ ਪਾਵਰਕੌਮ ਦੇ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਜਗਦੇਵ ਸਿੰਘ ਹਾਂਸ ਰਾਹੀਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਰੰਤਰ ਬਿਜਲੀ ਸਪਲਾਈ ਨਾ ਮਿਲੀ ਤਾਂ ਉਹ ਆਪਣਾ ਕਾਰੋਬਾਰ ਹੋਰ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋ ਸਕਦੇ ਹਨ।
ਇੰਜੀਨੀਅਰਜ਼ ਐਸੋਸੀਏਸ਼ਨ ਨੇ ਗਿਣਾਈਆਂ ਵਜ੍ਹਾਂ
ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਮੁਤਾਬਕ PSPCL ਦੀ ਵਿੱਤੀ ਹਾਲਤ ਚਿੰਤਾਜਨਕ ਹੈ ਅਤੇ ਮੌਜੂਦਾ ਵਿੱਤੀ ਸਾਲ ਵਿੱਚ ਕਰੀਬ 7800 ਕਰੋੜ ਰੁਪਏ ਦੇ ਰੈਵਨਿਊ ਘਾਟੇ ਦਾ ਅਨੁਮਾਨ ਹੈ। ਉਨ੍ਹਾਂ ਬਕਾਇਆ ਸਬਸਿਡੀ, ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ, ਘੱਟ ARR, ਮਹਿੰਗੀ ਬਿਜਲੀ ਖਰੀਦ ਅਤੇ ਪ੍ਰਾਈਵੇਟ IPPs ’ਤੇ ਨਿਰਭਰਤਾ ਨੂੰ ਵੀ ਸੰਕਟ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ।
ਐਸੋਸੀਏਸ਼ਨ ਨੇ ਰੋਪੜ ਵਿੱਚ 3×800 ਮੈਗਾਵਾਟ ਦੀਆਂ ਨਵੀਆਂ ਥਰਮਲ ਯੂਨਿਟਾਂ ਤੁਰੰਤ ਸ਼ੁਰੂ ਕਰਨ, GNDTP ਦੀ ਜ਼ਮੀਨ ’ਤੇ 250 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਗਾਉਣ, ਨਿਯਮਾਂ ਮੁਤਾਬਕ ਕੋਲਾ ਸਟਾਕ ਨਾ ਰੱਖਣ ਵਾਲੇ ਪ੍ਰਾਈਵੇਟ IPPs ’ਤੇ ਕਾਰਵਾਈ ਅਤੇ ਲੰਬੇ ਸਮੇਂ ਲਈ ਉਤਪਾਦਨ ਸਮਰੱਥਾ ਵਧਾਉਣ ਦੀ ਯੋਜਨਾ ਬਣਾਉਣ ਦੇ ਸੁਝਾਅ ਦਿੱਤੇ ਹਨ।
ਕੋਲੇ ਨੂੰ ਲੈ ਕੇ ‘ਆਪ’-ਭਾਜਪਾ ਆਹਮੋ-ਸਾਹਮਣੇ
ਕੋਲੇ ਦੀ ਕਮੀ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਵੀ ਗਰਮਾ ਗਈ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਕੇਂਦਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੋਲਾ ਨਹੀਂ ਮਿਲ ਰਿਹਾ, ਜਿਸ ਕਾਰਨ ਪਲਾਂਟ ਅੱਧੀ ਤੋਂ ਵੀ ਘੱਟ ਸਮਰੱਥਾ ’ਤੇ ਚੱਲ ਰਹੇ ਹਨ ਅਤੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਉਨ੍ਹਾਂ ਲੰਬੇ ਪਾਵਰ ਕੱਟਾਂ ਦੀ ਚਿਤਾਵਨੀ ਵੀ ਦਿੱਤੀ ਸੀ।
ਦੂਜੇ ਪਾਸੇ ਕੇਂਦਰੀ ਕੋਲਾ ਮੰਤਰਾਲੇ ਨੇ ਕਿਹਾ ਹੈ ਕਿ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਲੋੜੀਂਦੀ ਮਾਤਰਾ ਵਿੱਚ ਕੋਲੇ ਦੀ ਵੰਡ ਕੀਤੀ ਗਈ ਹੈ। ਇਸ ਤੋਂ ਬਾਅਦ ‘ਆਪ’ ਅਤੇ ਭਾਜਪਾ ਵਿਚਾਲੇ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ‘ਆਪ’ ਬਿਜਲੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ, ਜਦਕਿ ਭਾਜਪਾ ਇਸ ਲਈ ਪੰਜਾਬ ਸਰਕਾਰ ਦੇ ਕਥਿਤ ਮਾੜੇ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।














