ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਸੱਦਾ ਦਾ ਜੰਮਪਲ ਨੌਜਵਾਨ ਕੈਨੇਡੀਅਨ ਪੁਲਿਸ ਵਿੱਚ ਅਫਸਰ ਬਣ ਗਿਆ ਹੈ। ਨੌਜਵਾਨ ਦੇ ਚਾਚਾ ਬਲਕਾਰ ਸਿੰਘ ਮਾਨ ਨੇ ਦੱਸਿਆ ਕਿ ਉਸ ਦੇ ਭਤੀਜੇ ਮਨਪ੍ਰੀਤ ਨੇ ਕੈਨੇਡੀਅਨ ਪੁਲਿਸ ਵਿੱਚ ਅਫਸਰ ਦੀ ਨੌਕਰੀ ਹਾਸਲ ਕਰਕੇ ਪੰਜਾਬ ਦੇ ਨਾਲ-ਨਾਲ ਸਰਹੱਦੀ ਖੇਤਰ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਬੀ.ਟੈਕ ਅਤੇ ਆਈ.ਆਈ.ਟੀ. ਦਿੱਲੀ ਤੋਂ ਐਮ.ਬੀ.ਏ ਕਰਨ ਵਾਲਾ ਮਨਪ੍ਰੀਤ ਸਿੰਘ ਮਾਨ ਕਰੀਬ 15 ਸਾਲ ਭਾਰਤ ਪੈਟਰੋਲੀਅਮ ਵਿੱਚ ਬਤੌਰ ਅਫਸਰ ਸੇਵਾ ਕਰਨ ਤੋਂ ਬਾਅਦ 2018 ਵਿੱਚ ਆਪਣੇ ਪੂਰੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸੀ।
ਉੱਥੇ ਜਾ ਕੇ ਆਪਣੀ ਮਿਹਨਤ ਸਦਕਾ ਉਸ ਨੇ ਕੈਨੇਡੀਅਨ ਪੁਲਿਸ ਵਿੱਚ ਅਫਸਰ ਲਈ ਇਮਤਿਹਾਨ ਦਿੱਤਾ ਜਿਸ ਵਿੱਚ ਉਹ ਅਫਸਰ ਵਜੋਂ ਚੁਣਿਆ ਗਿਆ। ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਪਤਨੀ ਹਰਸਿਮਰਨ ਕੌਰ ਵੀ ਕੈਨੇਡਾ ਵਿੱਚ ਪ੍ਰਾਈਵੇਟ ਨੌਕਰੀ ਕਰ ਰਹੀ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ, ਵੱਡੀ ਧੀ ਗੁਰਨਾਜ਼ ਕੌਰ 12 ਸਾਲ ਅਤੇ ਛੋਟੀ ਬੇਟੀ ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ‘ਚ ਪੜ੍ਹ ਰਹੀਆਂ ਹੈ।
ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਪੜ੍ਹਾਈ ਵਿੱਚ ਚੰਗਾ ਹੈ। ਉਸ ਨੇ ਸਕੂਲੀ ਦਿਨਾਂ ਦੌਰਾਨ ਕਈ ਜਮਾਤਾਂ ਪਹਿਲੇ ਦਰਜੇ ਨਾਲ ਪਾਸ ਕੀਤੀਆਂ ਅਤੇ ਅੱਜ ਵੀ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਨੇ ਇਸ ਦੇ ਸਰਹੱਦੀ ਖੇਤਰਾਂ ਸਮੇਤ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇਲਾਕੇ ਅੰਦਰ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।