ਨਵੀ ਦਿੱਲੀ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਖੇਤਰ ਦੀ ਮੌਜੂਦਾ ਸਥਿਤੀ ਅਤੇ ਸੁਰੱਖਿਆ ਹਾਲਾਤਾਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਈਰਾਨੀ ਰਾਸ਼ਟਰਪਤੀ ਨਾਲ ਖੇਤਰ ਵਿੱਚ ਪੈਦਾ ਹੋਈ ਗੰਭੀਰ ਸਥਿਤੀ ‘ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਲਿਖਿਆ ਕਿ ਮੈਂ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਖੇਤਰੀ ਹਾਲਾਤਾਂ ‘ਤੇ ਚਰਚਾ ਕੀਤੀ। ਵਧਦੇ ਤਣਾਅ, ਨਾਗਰਿਕਾਂ ਦੀ ਜਾਨ-ਮਾਲ ਦੇ ਨੁਕਸਾਨ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਊਰਜਾ ਤੇ ਮਾਲ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣਾ ਭਾਰਤ ਦੀਆਂ ਸਰਵਉੱਚ ਤਰਜੀਹਾਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਾਰੇ ਪੱਖਾਂ ਨੂੰ ਗੱਲਬਾਤ ਅਤੇ ਕੂਟਨੀਤੀ ਦੇ ਰਾਹ ‘ਤੇ ਪਰਤਣ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਸੰਘਰਸ਼ ਕਾਰਨ ਪੂਰੇ ਪੱਛਮੀ ਏਸ਼ੀਆ ਵਿੱਚ ਤਣਾਅ ਚਰਮ ਸੀਮਾ ‘ਤੇ ਹੈ, ਜਿਸ ਦਾ ਅਸਰ ਵਿਸ਼ਵਵਿਆਪੀ ਊਰਜਾ ਸਪਲਾਈ ਅਤੇ ਅੰਤਰਰਾਸ਼ਟਰੀ ਵਪਾਰ ‘ਤੇ ਵੀ ਪੈ ਰਿਹਾ ਹੈ। ਦੱਸ ਦੇਈਏ ਕਿ ਆਪਣੇ ਸਵਰਗਵਾਸੀ ਪਿਤਾ ਦੀ ਜਗ੍ਹਾ ਅਹੁਦਾ ਸੰਭਾਲਣ ਤੋਂ ਬਾਅਦ ਈਰਾਨ ਦੇ ਨਵੇਂ ਸਰਵਉੱਚ ਨੇਤਾ ਆਯਾਤੁੱਲਾ ਮੁਜਤਬਾ ਖਮੇਨੇਈ ਨੇ ਪਹਿਲਾ ਬਿਆਨ ਜਾਰੀ ਕਰਕੇ ਵੀਰਵਾਰ ਨੂੰ ਕਿਹਾ ਕਿ ਈਰਾਨ ਆਪਣੇ ਖਾੜੀ ਅਰਬ ਦੇ ਗੁਆਂਢੀਆਂ ‘ਤੇ ਹਮਲੇ ਜਾਰੀ ਰੱਖੇਗਾ ਅਤੇ ਹੋਰਮੁਜ਼ ਜਲਡਮਰੂਮੱਧ ਫਿਲਹਾਲ ਬੰਦ ਰਹੇਗਾ।














