ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਪ੍ਰਹਿਲਾਦ ਜੋਸ਼ੀ ਨੇ ਇਥੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੀ ਸੰਸਦੀ ਦਲ ਦੀ ਬੈਠਕ ‘ਚ ਕਿਹਾ ਕਿ ਨਰਿੰਦਰ ਮੋਦੀ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਜੋਸ਼ੀ ਨੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਇਕੱਠੇ ਹੋਏ ਐਨਡੀਏ ਆਗੂਆਂ ਨੂੰ ਦਸਿਆ ਕਿ ਸਹੁੰ ਚੁੱਕ ਸਮਾਗਮ 9 ਜੂਨ ਨੂੰ ਸ਼ਾਮ 6 ਵਜੇ ਹੋਵੇਗਾ।
ਮੀਟਿੰਗ ਵਿਚ ਐਨਡੀਏ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਗਠਜੋੜ ਦੇ ਮੁੱਖ ਮੰਤਰੀਆਂ ਸਮੇਤ ਸੀਨੀਅਰ ਆਗੂ ਵੀ ਮੌਜੂਦ ਸਨ। ਭਾਜਪਾ ਪ੍ਰਧਾਨ ਜੇਪੀ ਨੱਡਾ ਵਲੋਂ ਮੋਦੀ ਦੀ ਅਗਵਾਈ ‘ਚ ਭਰੋਸਾ ਪ੍ਰਗਟਾਉਣ ਵਾਲਾ ਪ੍ਰਸਤਾਵ ਪੇਸ਼ ਕਰਨ ਦੀ ਸੰਭਾਵਨਾ ਹੈ ਅਤੇ ਇਸ ਨੂੰ ਸਹਿਯੋਗੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਦਾ ਸਮਰਥਨ ਮਿਲੇਗਾ।
ਐਨਡੀਏ ਦੇ 293 ਸੰਸਦ ਮੈਂਬਰ ਹਨ, ਜੋ ਕਿ 543 ਮੈਂਬਰੀ ਲੋਕ ਸਭਾ ਵਿਚ 272 ਦੇ ਬਹੁਮਤ ਅੰਕ ਤੋਂ ਵੱਧ ਹਨ। ਕੇਂਦਰੀ ਮੰਤਰੀਆਂ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਗਠਜੋੜ ਦੇ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕੀਤੀ ਹੈ।