ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਨੇ ਸਿਹਤ, ਸਿੱਖਿਆ ਤੇ ਸੜਕੀ ਬੁਨਿਆਦੀ ਢਾਂਚੇ ਦੇ ਖੇਤਰਾਂ ‘ਚ 4700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਹੈ। ਸਮਾਗਮ ‘ਚ ਪਹੁੰਚਣ ‘ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਜੇਪੀ ਨੱਡਾ ਤੇ ਅਸ਼ਵਨੀ ਵੈਸ਼ਨਵ ਦੇ ਨਾਲ-ਨਾਲ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ (ਜੇਪੀ ਨੱਡਾ) ਨੇ ਕਿਹਾ ਕਿ ਚੰਡੀਗੜ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਸ਼ਹਿਰ ਹੈ ਤੇ ਇਹ ਉਨ੍ਹਾਂ ਦੀ ਕਰਮਭੂਮੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਥੇ ਲੰਮਾ ਸਮਾਂ ਬਿਤਾਇਆ, ਸੰਗਠਨ ਨੂੰ ਮਜ਼ਬੂਤ ​​ਕੀਤਾ ਤੇ ਪੂਰੇ ਉੱਤਰੀ ਭਾਰਤ ‘ਚ ਪਾਰਟੀ ਦੇ ਵਿਸਥਾਰ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਨੱਡਾ ਨੇ ਪੀਐਮ ਮੋਦੀ ਦੇ ਕਾਰਜਕਾਲ ਦੌਰਾਨ ਸਿਹਤ ਖੇਤਰ ‘ਚ ਹੋਏ ਬੇਮਿਸਾਲ ਬਦਲਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਦੇਸ਼ ਭਰ ‘ਚ 1.85 ਲੱਖ ‘ਆਯੁਸ਼ਮਾਨ ਅਰੋਗਿਆ ਮੰਦਿਰ’ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਪਿਛਲੀ ਸ਼ਤਾਬਦੀ ਦੇ ਅੰਤ ਤੱਕ ਪਹਿਲਾਂ ਦੇਸ਼ ‘ਚ ਸਿਰਫ਼ ਇੱਕ ਏਮਜ਼ ਸੀ, ਹੁਣ 23 ਤੋਂ ਵੱਧ ਏਮਜ਼ ਕੰਮ ਕਰ ਰਹੇ ਹਨ। ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ।

ਪੀਐਮ ਮੋਦੀ ਨੇ ਕਿਹਾ ਕਿ ਚੰਡੀਗੜ੍ਹ ਆਪਣੀ ਸੁਨਿਯੋਜਿਤ ਬਸਤੀ, ਬਿਹਤਰ ਜੀਵਨ ਸ਼ੈਲੀ ਅਤੇ ਉੱਚ ਪੱਧਰੀ ਡਾਕਟਰੀ ਸਹੂਲਤਾਂ ਲਈ ਪੂਰੇ ਦੇਸ਼ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਂ ਚੰਡੀ ਦੇ ਆਸ਼ੀਰਵਾਦ ਨਾਲ ਜੁੜੇ ਇਸ ਸ਼ਹਿਰ ਦਾ ਵਿਕਾਸ ਹਮੇਸ਼ਾ ਤੋਂ ਐਨਡੀਐਮ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਨੂੰ ਹੋਰ ਗਤੀ ਦਿੱਤੀ ਜਾਵੇਗੀ।
ਡਾਕਟਰੀ ਦੇ ਖੇਤਰ ਵਿੱਚ ਚੰਡੀਗੜ੍ਹ ਨੂੰ ਦੱਸਿਆ ਅੱਵਲ
ਪੀਐਮ ਮੋਦੀ ਨੇ ਕਿਹਾ ਕਿ ਡਾਕਟਰੀ ਦੇ ਖੇਤਰ ਵਿੱਚ ਚੰਡੀਗੜ੍ਹ ਹੱਬ ਹੈ। ਚੰਡੀਗੜ੍ਹ ਦੇ ਵਿਕਾਸ ਨਾਲ ਹਰਿਆਣਾ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਲਾਭ ਹੁੰਦਾ ਹੈ। ਜਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ ਤਾਂ ਮੈਨੂੰ ਕਈ ਵਾਰ ਪੀਜੀਆਈ ਜਾਣਾ ਪੈਂਦਾ ਸੀ। ਮੇਰੇ ਕਈ ਜਾਣਕਾਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਇਲਾਜ ਕਰਵਾਉਣ ਲਈ ਆਉਂਦੇ ਸਨ। ਪੀਜੀਆਈ ਦੀ ਸਮਰੱਥਾ ਵਿੱਚ ਵੱਡਾ ਵਿਸਤਾਰ ਹੋਇਆ। ਡਾਕਟਰੀ ਦੇ ਖੇਤਰ ਵਿੱਚ ਚੰਡੀਗੜ੍ਹ ਅੱਵਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ ਵਿੱਚ ਆਧੁਨਿਕ ਬੁਨਿਆਦੀ ਢਾਂਚੇ, ਬਿਹਤਰ ਸਿਹਤ ਸੇਵਾਵਾਂ, ਤੇਜ਼ ਨਿਆਂ ਪ੍ਰਣਾਲੀ ਅਤੇ ਨਾਗਰਿਕ ਸਹੂਲਤਾਂ ਦੇ ਵਿਸਥਾਰ ‘ਤੇ ਲਗਾਤਾਰ ਕੰਮ ਕਰ ਰਹੀ ਹੈ। ਚੰਡੀਗੜ੍ਹ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਯੋਜਨਾਵਾਂ ਨਾ ਸਿਰਫ਼ ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੀਆਂ, ਸਗੋਂ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲੇਗਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਵਿਕਾਸ ਯੋਜਨਾਵਾਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਸ਼ਹਿਰੀ ਸਹੂਲਤਾਂ ਵਿੱਚ ਸੁਧਾਰ ਹੋਵੇਗਾ ਅਤੇ ਚੰਡੀਗੜ੍ਹ ਭਵਿੱਖ ਵਿੱਚ ਵੀ ਦੇਸ਼ ਦੇ ਸਭ ਤੋਂ ਆਧੁਨਿਕ ਅਤੇ ਸੁਵਿਵਸਥਿਤ ਸ਼ਹਿਰਾਂ ਵਿੱਚ ਆਪਣੀ ਪਛਾਣ ਬਣਾਈ ਰੱਖੇਗਾ। ਪ੍ਰਧਾਨ ਮੰਤਰੀ ਨੇ ਭਾਰਤੀ ਨਿਆਂ ਸੰਹਿਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਿਆਂ ਆਧਾਰਿਤ ਨਵੀਂ ਕਾਨੂੰਨੀ ਵਿਵਸਥਾ ਦੀ ਸ਼ੁਰੂਆਤ ਵੀ ਚੰਡੀਗੜ੍ਹ ਤੋਂ ਹੋਈ ਸੀ।
ਆਈਟੀ ਸਿਟੀ ਤੇ ਸੜਕ ਪ੍ਰੋਜੈਕਟ

ਚੰਡੀਗੜ੍ਹ ਖੇਤਰ ਦੇ ਪ੍ਰਮੁੱਖ ਸੜਕ ਪ੍ਰੋਜੈਕਟਾਂ, ਜਿਵੇਂ ਕਿ ਆਈਟੀ ਸਿਟੀ-ਕੁਰਾਲੀ ਹਾਈਵੇਅ ਦਾ ਉਦਘਾਟਨ ਤੇ ਜ਼ੀਰਕਪੁਰ ਬਾਈਪਾਸ, ਪੀਆਰ-7 Spur ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ‘ਚ 3,300 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ‘ਚ ਹੋਰ ਵੀ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਹੈ।