ਨਵੀਂ ਦਿੱਲੀ: ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ‘ਦਿ ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਸਟਾਰ ਐਂਡ ਕੀ ਆਫ ਇੰਡੀਅਨ ਓਸ਼ੀਅਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਮਗੁਲਾਮ ਨੇ ਕਿਹਾ ਕਿ ਮੋਦੀ ਇਹ ਵਿਸ਼ੇਸ਼ ਸਨਮਾਨ ਹਾਸਿਲ ਕਰਨ ਵਾਲੇ ਪੰਜਵੇਂ ਵਿਦੇਸ਼ੀ ਨਾਗਰਿਕ ਹਨ। ਪੀਐਮ ਮੋਦੀ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਹਨ। ਇਹ ਪੁਰਸਕਾਰ ਭਾਰਤ ਅਤੇ ਮਾਰੀਸ਼ਸ ਦਰਮਿਆਨ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਹੋਰ ਦੇਸ਼ ਵੱਲੋਂ ਦਿੱਤਾ ਗਿਆ ਇਹ 21ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ।

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਮਾਰੀਸ਼ਸ ਦੌਰੇ ‘ਤੇ ਹਨ। ਰਾਮਗੁਲਾਮ ਨੇ ਇਹ ਐਲਾਨ ਇਕ ਭਾਈਚਾਰਕ ਸਮਾਗਮ ਵਿਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਨਮਾਨ ਲਈ ਮਾਰੀਸ਼ਸ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਮਾਰੀਸ਼ਸ ਦੇ ਲੋਕਾਂ ਅਤੇ ਸਰਕਾਰ ਨੇ ਮੈਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਮੈਂ ਇਸ ਫੈਸਲੇ ਨੂੰ ਬੜੇ ਸਤਿਕਾਰ ਨਾਲ ਸਵੀਕਾਰ ਕਰਦਾ ਹਾਂ। ਇਹ ਮੇਰੇ ਲਈ ਸਿਰਫ਼ ਸਨਮਾਨ ਨਹੀਂ ਹੈ, ਸਗੋਂ ਇਹ ਭਾਰਤ ਅਤੇ ਮਾਰੀਸ਼ਸ ਦੇ ਇਤਿਹਾਸਕ ਸਬੰਧਾਂ ਦੀ ਮਾਨਤਾ ਹੈ। ਇਸ ਪ੍ਰੋਗਰਾਮ ਵਿੱਚ 3500 ਤੋਂ ਵੱਧ ਲੋਕ ਮੌਜੂਦ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਮਾਰੀਸ਼ਸ ਦੇ ਦੋ ਦਿਨਾਂ ਰਾਜ ਦੌਰੇ ‘ਤੇ ਪਹੁੰਚੇ। ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਨੇ ਮਾਰੀਸ਼ਸ ਦੇ ਰਾਸ਼ਟਰਪਤੀ ਧਰਮ ਗੋਖੂਲ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਧਰਮ ਨੂੰ ਗੰਗਾਜਲ ਅਤੇ ਉਨ੍ਹਾਂ ਦੀ ਪਤਨੀ ਨੂੰ ਬਨਾਰਸੀ ਸਾੜੀ ਭੇਟ ਕੀਤੀ। ਇਸ ਦੌਰੇ ‘ਚ ਪੀਐੱਮ ਮੋਦੀ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਸਮਝੌਤਿਆਂ ‘ਤੇ ਦਸਤਖਤ ਕਰਨਗੇ। 2015 ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦੀ ਮਾਰੀਸ਼ਸ ਦੀ ਇਹ ਦੂਜੀ ਯਾਤਰਾ ਹੈ।