ਚੰਡੀਗੜ੍ਹ : ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜੰਗ ਦਾ ਸਿੱਧਾ ਅਸਰ ਭਾਰਤ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਭਾਰਤ ਦੀ ਵੱਡੀ ਪ੍ਰਾਈਵੇਟ ਫਿਊਲ ਕੰਪਨੀ ਨਾਇਰਾ ਐਨਰਜੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਭਾਰਤ ਵਿੱਚ ਪੈਟਰੋਲ ਦੀ ਕੀਮਤ 5.30 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਸਰਕਾਰੀ ਕੰਪਨੀਆਂ ਦੇ ਰੇਟ ਅਜੇ ਵੀ ਸਥਿਰ ਹਨ।
ਦੱਸ ਦਈਏ ਕਿ ਜਿਵੇਂ ਹੀ ਨਾਇਰਾ ਕੰਪਨੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ, ਚਾਰੇ ਪਾਸੇ ਹੜਕੰਪ ਮਚ ਗਿਆ। ਲੋਕ ਨਾਇਰਾ ਤੋਂ ਇਲਾਵਾ ਹੋਰ ਪੰਪਾਂ ‘ਤੇ ਵੀ ਤੇਲ ਦੀਆਂ ਕੀਮਤਾਂ ਬਾਰੇ ਪੁੱਛਦੇ ਨਜ਼ਰ ਆਏ। ਲੁਧਿਆਣਾ ਵਿੱਚ ਨਾਇਰਾ ਦੇ ਪੰਪ ‘ਤੇ ਪੈਟਰੋਲ 103.31 ਰੁਪਏ ਅਤੇ ਡੀਜ਼ਲ 90.96 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਪਹਿਲਾਂ ਇੱਥੇ ਪੈਟਰੋਲ 98.31 ਰੁਪਏ ਅਤੇ ਡੀਜ਼ਲ 88.96 ਰੁਪਏ ਪ੍ਰਤੀ ਲੀਟਰ ਮਿਲਦਾ ਸੀ।
ਕਰੀਬ 6 ਦਿਨ ਪਹਿਲਾਂ ਪ੍ਰੀਮੀਅਮ ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਗਿਆ ਸੀ। ਨਾਰਮਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪੈਟਰੋਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਕੱਚਾ ਤੇਲ (Crude Oil) ਮਹਿੰਗਾ ਹੋਣ ਕਾਰਨ ਕੀਤਾ ਗਿਆ ਸੀ। ਹੋਰਮੁਜ਼ ਜਲਡਮਰੂ ‘ਤੇ ਈਰਾਨ ਦੀ ਨਾਕਾਬੰਦੀ ਤੋਂ ਬਾਅਦ ਤੇਲ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੱਧ-ਪੂਰਬ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਵਧ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ $100 ਦੇ ਪਾਰ ਨਿਕਲ ਗਿਆ ਹੈ। ਸਰਕਾਰੀ ਕੰਪਨੀਆਂ ਨੇ ਫਿਲਹਾਲ ਕੀਮਤਾਂ ‘ਚ ਵਾਧੇ ਨੂੰ ਰੋਕ ਕੇ ਰੱਖਿਆ ਹੋਇਆ ਹੈ, ਪਰ ਨਿੱਜੀ ਕੰਪਨੀਆਂ ਆਪਣੀ ਲਾਗਤ ਕੱਢਣ ਲਈ ਤੁਰੰਤ ਕੀਮਤਾਂ ਵਧਾ ਰਹੀਆਂ ਹਨ।














