ਤਰਨਤਾਰਨ : ਤਰਨਤਾਰਨ-ਜੰਡਿਆਲਾ ਰੋਡ ’ਤੇ ਸਥਿਤ ਅਗਰਵਾਲ ਫਿੱਲੰਗ ਸਟੇਸ਼ਨ ਪੈਟਰੋਲ ਪੰਪ ਉੱਪਰ ਬੁੱਧਵਾਰ ਸ਼ਾਮ ਕਰੀਬ ਸਵਾ ਪੰਜ ਵਜੇ ਸਵਿਫਟ ਡਿਜ਼ਾਇਰ ਕਾਰ ਵਿਚ ਸਵਾਰ ਹੋ ਕੇ ਆਏ ਪੰਜ ਹਥਿਆਰਬੰਦ ਲੁਟੇਰਿਆਂ ਨੇ ਪੰਪ ਦੇ ਮਾਲਕ ਨੂੰ ਗੋਲੀ ਮਾਰ ਕੇ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ। ਜਖਮੀ ਹੋਏ ਪੰਪ ਮਾਲਕ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਰੋਡ ’ਤੇ ਪੈਂਦੇ ਪਿੰਡ ਕੱਦਗਿੱਲ ਦੇ ਕੋਲ ਨਾਇਰਾ ਕੰਪਨੀ ਦੇ ਅਗਰਵਾਲ ਫਿੱਲੰਗ ਸਟੇਸ਼ਨ ’ਤੇ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਸਵਿਫਟ ਡਿਜ਼ਾਇਰ ਕਾਰ ਵਿਚ ਸਵਾਰ ਪੰਜ ਹਥਿਆਰਬੰਦ ਵਿਅਕਤੀ ਆਏ ਅਤੇ ਪੰਪ ’ਤੇ ਬਣੇ ਦਫਤਰ ਦੇ ਬਾਹਰ ਖੜ੍ਹੇ ਪੈਟਰੋਲ ਪੰਪ ਦੇ ਮਾਲਕ ਸ਼ਾਮ ਸੁੰਦਰ ਅਗਰਵਾਲ ਕੋਲੋਂ ਪਿਸਤੋਲ ਦੀ ਨੋਕ ’ਤੇ ਨਕਦੀ ਦੀ ਮੰਗ ਕਰਨ ਲੱਗੇ। ਪੰਪ ਮਾਲਕ ਨੇ ਕਿਹਾ ਕਿ ਪੈਟਰੋਲ ਪੰਪ ਬੰਦ ਹੈ ਅਤੇ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਲੁਟੇਰਿਆਂ ਨੇ ਕੈਬਿਨ ਦੀ ਚਾਬੀ ਮੰਗੀ ਅਤੇ ਸ਼ਾਮ ਸੁੰਦਰ ਵੱਲੋਂ ਨਾ ਦਿੱਤੇ ਜਾਣ ਤੇ ਲੁਟੇਰਿਆਂ ਨੇ ਉਸਦੀ ਲੱਤ ਵਿਚ ਗੋਲੀ ਮਾਰ ਕੇ ਚਾਬੀ ਖੋਹ ਲਈ। ਉਕਤ ਲੁਟੇਰੇ ਕੈਬਿਨ ਵਿੱਚੋਂ ਨਕਦੀ ਲੁੱਟ ਕੇ ਕਾਰ ’ਤੇ ਸਵਾਰ ਹੋ ਕੇ ਫਰਾਰ ਹੋ ਗਏ।