ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਦੇਸ਼ ਕੈਨੇਡਾ ਨੂੰ ਅਜੋਕੇ ਦੌਰ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਹਰੀ ਚੁਣੌਤੀਆਂ ਤੋਂ ਇਲਾਵਾ ਉਸ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈ ਰਹੀ ਹੈ। ਕੈਨੇਡਾ ਤੋਂ ਨਿਰਾਸ਼ ਅਤੇ ਮਾਯੂਸ ਹੋਏ ਵੱਖ-ਵੱਖ ਦੇਸ਼ਾਂ ਤੋਂ ਉੱਥੇ ਜਾ ਕੇ ਵੱਸ ਰਹੇ ਲੋਕਾਂ, ਜਿਨ੍ਹਾਂ ਵਿੱਚ ਸਿਟੀਜ਼ਨਸ਼ਿਪ (ਨਾਗਰਿਕ) ਅਤੇ ਪੀਆਰ (PR) ਧਾਰਕ ਸ਼ਾਮਲ ਹਨ, ਨੇ ਕੈਨੇਡਾ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਸਰਕਾਰੀ ਅੰਕੜੇ: ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ‘ਚ 30 ਹਜ਼ਾਰ ਲੋਕਾਂ ਨੇ ਛੱਡਿਆ ਦੇਸ਼
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਅਨੁਸਾਰ ਲੰਘੇ ਸਾਲ 2025 ਵਿੱਚ 1 ਲੱਖ 20 ਹਜ਼ਾਰ ਲੋਕ ਦੇਸ਼ ਛੱਡ ਕੇ ਚਲੇ ਗਏ ਸਨ। ਇਸ ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਲਗਪਗ ਤੀਹ ਹਜ਼ਾਰ ਲੋਕਾਂ ਨੇ ਦੇਸ਼ ਨੂੰ ਛੱਡ ਦਿੱਤਾ ਹੈ। ਕੈਨੇਡਾ ਦੇ ਤਿੰਨ ਸੂਬਿਆਂ—ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚੋਂ ਹੀ ਜ਼ਿਆਦਾਤਰ ਹਿਜਰਤ (ਪਲਾਇਨ) ਹੋ ਰਹੀ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਨੌਕਰੀਆਂ ਦੀ ਘਾਟ ਅਤੇ ਮਹਿੰਗਾਈ ਦੀ ਅਜਿਹੀ ਮਾਰ ਪਈ ਹੈ ਕਿ ਪੱਕੇ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਵੀ ਮਜਬੂਰੀ ਵਿੱਚ ਦੇਸ਼ ਦਾ ਤਿਆਗ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਹੈ।
ਸੁਸਤ ਇਲਾਜ ਪ੍ਰਣਾਲੀ ਅਤੇ ਸਿਹਤ ਸੇਵਾਵਾਂ ਦਾ ਜਮੂਦ
ਆਰਥਿਕ ਮੰਦਹਾਲੀ ਤੋਂ ਇਲਾਵਾ ਕੈਨੇਡਾ ਅੰਦਰ ਸਿਹਤ ਸੇਵਾਵਾਂ ਦਾ ਜਮੂਦ ਵੀ ਨਹੀਂ ਟੁੱਟ ਰਿਹਾ ਹੈ। ਉੱਥੋਂ ਦੀ ਇਲਾਜ ਪ੍ਰਣਾਲੀ ਇੰਨੀ ਸੁਸਤ ਹੈ ਕਿ ਗੰਭੀਰ ਬੀਮਾਰੀ ਦੇ ਇਲਾਜ ਲਈ ਵੀ ਲੋਕਾਂ ਨੂੰ ਸਾਲਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉਸ ਵੇਲੇ ਤੱਕ ਬੀਮਾਰੀ ਕਾਫ਼ੀ ਹੱਦ ਤੱਕ ਵੱਧ ਚੁੱਕੀ ਹੁੰਦੀ ਹੈ। ਇਸ ਖੇਤਰ ਦੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਅਮਰੀਕਾ ਦੇ ਸਹਾਰੇ ਕੈਨੇਡਾ ਦੇਸ਼ ਚੱਲਦਾ ਰਿਹਾ ਸੀ, ਪਰ ਹੁਣ ਹਾਲਾਤ ਬਦਲ ਚੁੱਕੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਨੀਤੀਆਂ ‘ਤੇ ਉੱਠੇ ਸਵਾਲ
ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਵੇਂ ਭਾਈਵਾਲਾਂ ਦੀ ਤਲਾਸ਼ ਤਾਂ ਕਰ ਰਹੇ ਹਨ, ਪ੍ਰੰਤੂ ਆਪਣੇ ਦੇਸ਼ ਦੀ ਗੰਭੀਰ ਬਣੀ ਆਰਥਿਕਤਾ ਵੱਲ ਉਨ੍ਹਾਂ ਦੀ ਬਹੁਤੀ ਤਵੱਜੋ (ਧਿਆਨ) ਨਹੀਂ ਹੈ। ਇਸੇ ਕਾਰਨ ਹੀ ਹੁਣ ਕੈਨੇਡਾ ਤੋਂ ਲੋਕਾਂ ਦਾ ਲਗਾਤਾਰ ਮੋਹ ਭੰਗ ਹੋਣ ਲੱਗਾ ਹੈ।














