ਚੰਡੀਗੜ੍ਹ: ਪੰਜਾਬ ਵਿੱਚ ਪਾਵਰਕੌਮ (PSPCL) ਵੱਲੋਂ 5 ਦਿਨ ਲਈ ਹਰ ਰੋਜ਼ 8 ਤੋਂ 10 ਘੰਟਿਆਂ ਦੇ ਬਿਜਲੀ ਕੱਟ ਲਗਾਉਣ ਦੇ ਫੈਸਲੇ ਨਾਲ ਲੋਕਾਂ ਵਿੱਚ ਨਾਰਾਜ਼ਗੀ ਵਧਣ ਲੱਗੀ ਹੈ। ਅੰਮ੍ਰਿਤਸਰ ਵਿੱਚ ਬਿਜਲੀ ਨਾ ਹੋਣ ਕਾਰਨ ਪਰੇਸ਼ਾਨ ਲੋਕ ਰਾਤ ਦੇ ਸਮੇਂ ਬਿਜਲੀ ਘਰ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਗੇਟ ਤੋੜ ਦਿੱਤਾ ਅਤੇ ਆਪਣੇ ਆਪ ਹੀ ਬਿਜਲੀ ਸਪਲਾਈ ਚਾਲੂ ਕਰ ਲਈ। ਜਦੋਂ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਧੱਕਾਮੁੱਕੀ ਵੀ ਹੋਈ।

ਮੁਲਾਜ਼ਮਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਕੱਟ ਲਗਾਏ ਗਏ ਸਨ, ਪਰ ਲੋਕਾਂ ਨੇ ਇਹ ਗੱਲ ਨਹੀਂ ਮੰਨੀ ਅਤੇ ਫੀਡਰ ਨਾਲ ਛੇੜਛਾੜ ਕਰਕੇ ਬਿਜਲੀ ਮੁੜ ਚਾਲੂ ਕਰ ਦਿੱਤੀ।

ਡਿਊਟੀ ‘ਤੇ ਮੌਜੂਦ ਮੁਲਾਜ਼ਮਾਂ ਮੁਤਾਬਕ ਰਾਤ ਨੂੰ ਲਗਭਗ 20 ਤੋਂ 25 ਲੋਕ ਬਿਜਲੀ ਘਰ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੀ, ਗਾਲਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ ਥਾਣਾ ਕੰਬੋ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ‘ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ X ‘ਤੇ ਕਿਹਾ ਕਿ PSPCL ਵੱਲੋਂ ਕੀਤੀ ਜਾ ਰਹੀ ਯੋਜਨਾਬੱਧ ਬਿਜਲੀ ਕਟੌਤੀ ਦਾ ਮਕਸਦ ਸਿਸਟਮ ਨੂੰ ਅਪਗ੍ਰੇਡ ਕਰਕੇ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹੋ ਰਹੀ ਅਸੁਵਿਧਾ ਲਈ ਖੇਦ ਹੈ, ਪਰ ਲੰਬੇ ਸਮੇਂ ਵਿੱਚ ਇਹ ਕਦਮ ਲੋਕਾਂ ਲਈ ਲਾਭਦਾਇਕ ਸਾਬਤ ਹੋਵੇਗਾ।

ਦੂਜੇ ਪਾਸੇ, ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ 26 ਅਪ੍ਰੈਲ ਤੱਕ ਲੰਬੇ ਬਿਜਲੀ ਕੱਟ ਲਗਣਗੇ। ਪਾਵਰਕੌਮ ਨੇ ਇਸਦਾ ਕਾਰਨ ਬਿਜਲੀ ਵੰਡ ਪ੍ਰਣਾਲੀ ਵਿੱਚ ਸੁਧਾਰ ਅਤੇ ਮਾਡਰਨਾਈਜ਼ੇਸ਼ਨ ਦੱਸਿਆ ਹੈ।

ਇਹ ਕੱਟ ਇਸ ਕਰਕੇ ਵੀ ਚਿੰਤਾਜਨਕ ਹਨ ਕਿਉਂਕਿ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਮੌਸਮ ਵਿਭਾਗ ਨੇ 3 ਦਿਨਾਂ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਤੋਂ ਵੱਧ ਚਲਾ ਗਿਆ ਹੈ।

ਸਿਹਤ ਵਿਭਾਗ ਨੇ ਵੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਹਸਪਤਾਲਾਂ ਨੂੰ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਹੈ। ਨਾਲ ਹੀ ਖਾਸ ਵਾਰਡ ਬਣਾਉਣ ਅਤੇ 24 ਘੰਟੇ ਸਟਾਫ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਅਜਿਹੇ ਹਾਲਾਤਾਂ ਵਿੱਚ ਬਿਜਲੀ ਕੱਟਾਂ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।