ਬਨੂੜ ਦੇ ਨਜ਼ਦੀਕੀ ਪਿੰਡ ਗੀਗੇਮਾਜਰਾ ਵਿੱਚ ਚਾਰ ਦਿਨਾਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨਾਂ ਦੀ ਮੌਤ ਇੱਕੋ ਤਰ੍ਹਾਂ ਦੇ ਲੱਛਣਾਂ ਵਾਲੀ ਭੇਤ-ਭਰੀ ਬਿਮਾਰੀ ਨਾਲ ਹੋਈ ਹੈ। ਦੋਵੇਂ ਦੋ-ਤਿੰਨ ਦਿਨ ‘ਤੋਂ ਬਿਮਾਰ ਸਨ। ਇਲਾਜ ਲਈ ਦੋਵਾਂ ਨੂੰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਕਤ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਨੌਜਵਾਨਾਂ ਦੀ ਮੌਤ ਨਾਲ ਸਮੁੱਚੇ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਅਨੁਸਾਰ 22 ਸਾਲਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਬੀਏ ਵਿੱਚ ਪੜ੍ਹ ਰਿਹਾ ਸੀ ਅਤੇ ਉਸ ਨੂੰ 8 ਨਵੰਬਰ ਨੂੰ ਬੁਖਾਰ ਹੋਇਆ ਸੀ ਤੇ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ 32 ਸਾਲਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਵਿਆਇਆ ਹੋਇਆ ਸੀ ਤੇ ਉਸ ਦੀ ਇੱਕ ਤਿੰਨ ਸਾਲਾਂ ਦੀ ਵੀ ਧੀ ਹੈ।

ਉਸ ਨੇ ਮੋਗਾ ਸਥਿਤ ਪ੍ਰਾਈਵੇਟ ਹਸਪਤਾਲ ਵਿੱਚੋਂ ਪੇਟ ਵਿੱਚ ਚਰਬੀ ਘੱਟ ਕਰਨ ਦਾ ਕੋਈ ਅਪਰੇਸ਼ਨ ਕਰਾਇਆ ਸੀ। ਉਹ 12 ਨਵੰਬਰ ਨੂੰ ਘਰ ਆ ਗਿਆ ਸੀ। ਇੱਕ ਦਿਨ ਬਾਅਦ ਉਸ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਉਸ ਨੂੰ ਬੁਖ਼ਾਰ ਹੋ ਗਿਆ ਤੇ ਪਲੇਟਲੈਟਸ ਵੀ ਘਟ ਗਏ। ਪਰਿਵਾਰ ਵੱਲੋਂ ਉਸ ਨੂੰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਾਇਆ, ਜਿੱਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ।
ਪਿੰਡ ਵਿੱਚ ਹੋਈਆਂ ਇਨ੍ਹਾਂ ਮੌਤਾਂ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਅੱਜ SMO ਡਾ. ਸੁਰਿੰਦਰਪਾਲ ਕੌਰ, MO ਡਾ. ਰਮਨਪ੍ਰੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਪਿੰਡ ਦਾ ਦੌਰਾ ਕੀਤਾ। ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਨੌਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਵਾਰਿਸਾਂ ਕੋਲੋਂ ਮਰੀਜ਼ਾਂ ਦੀ ਹਿਸਟਰੀ ਨੋਟ ਕੀਤੀ। ਟੀਮ ਨੇ ਪਿੰਡ ਵਿੱਚ ਸਰਵੇਖਣ ਕੀਤਾ ਤੇ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੇ ਖ਼ੂਨ ਦੇ ਸੈਂਮਪਲ ਲਏ ਹਨ।

ਡਾ. ਸੁਰਿੰਦਰਪਾਲ ਕੌਰ ਨੇ ਕਿਹਾ ਕਿ ਮ੍ਰਿਤਕਾਂ ਦੀ ਮੌਤ ਡੇਂਗੂ ਨਾਲ ਹੋਈ ਜਾ ਹੋਰ ਕਾਰਨਾ ਨਾਲ ਇਸ ਸਬੰਧੀ ਮੈਡੀਕਲ ਰਿਪੋਰਟ ਜਾਂਚਣ ਤੋਂ ਬਾਅਦ ਪਤਾ ਲੱਗੇਗਾ। ਪਿੰਡ ਵਾਸੀਆਂ ਨੇ ਸਿਹਤ ਵਿਭਾਗ ਤੋਂ ਪਿੰਡ ਵਿੱਚ ਫ਼ੈਲੇ ਹੋਏ ਬੁਖ਼ਾਰ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਸਿਹਤ ਵਿਭਾਗ ਵੱਲੋਂ ਭਲਕੇ ਵੀ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ।