ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਵੱਲੋਂ ਅਮਰੀਕਾ ਤੋਂ 13 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਲਿਆ ਰਹੇ ਟੋਰਾਂਟੋ ਦੇ ਪਤੀ-ਪਤਨੀ ਨੂੰ ਕਾਬੂ ਕੀਤਾ ਗਿਆ ਹੈ। ਵਿੰਡਸਰ ਦੇ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵਿਚ ਦਾਖਲ ਹੋ ਰਹੇ ਟਰੱਕ ਵਿਚ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਟਰੱਕ ਵਿਚ ਲੱਦੇ ਸਮਾਨ ‘ਤੇ ਪਹਿਲੀ ਨਜ਼ਰੇ ਕੋਈ ਸ਼ੱਕ ਨਾ ਹੋਇਆ ਪਰ ਜਿਉਂ ਜਿਉਂ ਪੜਤਾਲ ਅੱਗੇ ਵਧੀ ਤਾਂ ਮੈਥਮਫੈਟਾਮਿਨ ਦੀ ਮੌਜੂਦਗੀ ਹੋਣ ਦੇ ਸੰਕੇਤ ਮਿਲੇ। ਪੁਲਿਸ ਨੇ 120 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ। ਇਕ ਮਗਰੋਂ ਇਕ ਕੜੀਆਂ ਜੁੜੀਆਂ ਤਾਂ 100 ਕਿਲੋ ਮੈਥਮਫੈਟਾਮਿਨ ਬਰਾਮਦ ਕਰਨ ਵਿਚ ਵੀ ਸਫਲਤਾ ਮਿਲੀ ਜਦਕਿ ਦੋ ਕਿਲੋ ਐਮ.ਡੀ.ਐਮ.ਏ. ਅਤੇ ਕਈ ਕਿਲੋ ਭੰਗ ਵੀ ਬਰਾਮਦ ਹੋਈ।