-ਲਿਬਰਲ ਪਾਰਟੀ ਦੇ 11 ਮੌਜੂਦਾ ਵਿਧਾਇਕ ਨਹੀਂ ਲੜ ਰਹੇ ਇਹ ਚੋਣ
ਬਰੈਂਪਟਨ/ਸਟਾਰ ਨਿਊਜ਼ -ਇੰਜ ਲੱਗ ਰਿਹਾ ਏ ਕਿ ਇਸ ਵਾਰ 7 ਜੂਨ ਨੂੰ ਹੋਣ ਵਾਲੀਆਂ ਓਨਟਾਰੀਓ ਸੂਬਾਈ ਪਾਰਲੀਮੈਂਟ ਚੋਣਾਂ ਕਾਫ਼ੀ ਦਿਲਚਸਪ ਹੋਣਗੀਆਂ। ਇਨ੍ਹਾਂ ਲਈ ਜਿੱਥੇ ਪਿੱਛੇ ਜਿਹੇ ਚੁਣੇ ਗਏ ਪੀæਸੀæਪਾਰਟੀ ਦੇ ਓਨਟਾਰੀਓ ਦੇ ਨਵੇਂ ਮੁਖੀ ਡੱਗ ਫ਼ੋਰਡ ਜਿੱਥੇ ਆਪਣੀ ਸਰਕਾਰ ਬਨਾਉਣ ਲਈ ਕਮਰਕੱਸੇ ਕਰੀ ਬੈਠੇ ਹਨ, ਉੱਥੇ ਮੌਜੂਦਾ ਪ੍ਰੀਮੀਅਰ ਕੈਥਲੀਨ ਵਿੱਨ ਵੀ ਇਸ ਵਾਰ ਹੈਟ-ਟਰਿੱਕ ਮਾਰਨ ਦੀ ਗੱਲ ਕਰ ਰਹੇ ਹਨ ਅਤੇ ਬਦਲੇ ਹੋਏ ਸਿਆਸੀ ਹਾਲਾਤ ਵਿਚ ਐੱਨ.ਡੀ.ਪੀ. ਲਈ ਵੀ ਇਹ ਚੋਣਾਂ ਇੱਥੇ ਸਰਕਾਰ ਬਨਾਉਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕਾਫ਼ੀ ਅਹਿਮੀਅਤ ਰੱਖਦੀਆਂ ਹਨ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ 2017 ਵਿਚ ਜਗਮੀਤ ਸਿੰਘ ਦੇ ਫ਼ੈੱਡਰਲ ਪੱਧਰ Ḕਤੇ ਆਗੂ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੇ ਆਪਣੇ ਘਰੇਲੂ ਸੂਬੇ ਓਨਟਾਰੀਓ ਵਿਚ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਇਨ੍ਹਾਂ ਵਿਚ ਆਪਣੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਨੂੰ ਬਹੁ-ਮੱਤ ਵਿਚ ਜਿਤਾ ਕੇ ਆਪਣੀ ਪਾਰਟੀ ਦੀ ਸਰਕਾਰ ਬਨਾਉਣ। ਇਸ ਦੇ ਨਾਲ ਹੀ ਇਸ ਪਾਰਟੀ ਦੀ ਓਨਟਾਰੀਓ ਮੁਖੀ ਐਂਡਰੀਆ ਹਾਰਵੱਥ ਵੀ ਇਸ ਵਾਰ ਸੂਬੇ ਦੀ ਪ੍ਰੀਮੀਅਰ ਬਣਨ ਲਈ ਕਾਫ਼ੀ ਆਸਵੰਦ ਲੱਗਦੇ ਹਨ। ਇਸ ਪਾਰਟੀ ਨੇ ਆਪਣੇ ਕਈ ਉਮੀਦਵਾਰਾਂ ਦੀ ਚੋਣ ਵੀ ਕਰ ਲਈ ਹੈ, ਜਿਵੇਂ ਕਿ ਬਰੈਂਪਟਨ ਈਸਟ ਤੋਂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਅਤੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ ਅਤੇ ਹੋਰ ਕਈਆਂ ਦੇ ਨਾਂ ਸਾਹਮਣੇ ਆਏ ਹਨ।
ਦੂਸਰੇ ਪਾਸੇ ਇਸ ਸਮੇਂ ਸੱਤਾਧਾਰੀ ਲਿਬਰਲ ਪਾਰਟੀ ਦੇ 11 ਵਿਧਾਇਕਾਂ ਨੇ ਇਸ ਵਾਰ ਮੁੜ ਚੋਣ ਲੜਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਮੌਜੂਦਾ ਪ੍ਰੀਮੀਅਰ ਕੈਥਲੀਨ ਵਿੱਨ ਲਈ ਵੱਡੀ ਮੁਸ਼ਕਲ ਆਣ ਖੜੀ ਹੋਈ ਹੈ ਕਿਉਂਕਿ ਕਈ ਚੋਣ-ਮਾਹਿਰਾਂ ਦਾ ਖ਼ਿਆਲ ਹੈ ਕਿ ਤਜਰਬੇਕਾਰ ਵਿਧਾਇਕਾਂ ਵੱਲੋਂ ਚੋਣ-ਦੰਗਲ ਵਿੱਚੋਂ ਬਾਹਰ ਹੋ ਜਾਣ ਨਾਲ ਕੈਥਲੀਨ ਵਿੱਨ ਦੀ ਮੌਜੂਦਾ ਟੀਮ ਸੁੰਗੜ ਕੇ ਰਹਿ ਗਈ ਹੈ ਅਤੇ ਇਸ ਦੇ ਬਾਰੇ ਲੋਕਾਂ ਵਿਚ ਵੀ ਕਾਫ਼ੀ ਚਰਚਾ ਚੱਲ ਰਹੀ ਹੈ। 
ਇਸ ਸਮੇਂ ਹਾਲਤ ਇਹ ਹੈ ਕਿ ਲਿਬਰਲ ਪਾਰਟੀ ਦੇ ਮੌਜੂਦਾ 46 ਵਿਧਾਇਕ ਹੀ ਇਹ ਚੋਣ ਲੜ ਰਹੇ ਹਨ ਅਤੇ ਕੈਥਲੀਨ ਵਿੱਨ ਨੂੰ ਬਹੁ-ਮੱਤ ਸਰਕਾਰ ਬਨਾਉਣ ਲਈ 63 ਸੀਟਾਂ ਲੋੜੀਂਦੀਆਂ ਹੋਣਗੀਆਂ। ਇਸ ਪਾਰਟੀ ਦੇ 11 ਮੈਂਬਰਾਂ ਦੇ ਚੋਣ ਨਾ ਲੜਨ ਦੇ ਫ਼ੈਸਲੇ ਨਾਲ ਇਹ ਚੋਣ-ਮੁਕਾਬਲਾ ਇਸ ਪਾਰਟੀ ਲਈ ਹੋਰ ਵੀ ਸਖ਼ਤ ਹੋ ਜਾਏਗਾ ਕਿਉਂਕਿ ਨਵੇਂ ਉਮੀਦਵਾਰਾਂ ਲਈ ਪਹਿਲੀ ਵਾਰ ਚੋਣ ਜਿੱਤਣੀ ਏਨੀ ਆਸਾਨ ਨਹੀਂ ਹੁੰਦੀ ਜਿੰਨੀ ਕਿ ਤਜਰਬੇਕਾਰ ਵਿਧਾਇਕਾਂ ਨੂੰ ਦੂਸਰੀ ਜਾਂ ਤੀਸਰੀ ਵਾਰ ਹੁੰਦੀ ਹੈ। ਇਸ ਦੌਰਾਨ ਆਪੋ ਆਪਣੇ ਇਲਾਕਿਆਂ ਵਿਚ ਉਨ੍ਹਾਂ ਦੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਸਬੰਧ ਬਣ ਚੁੱਕੇ ਹੁੰਦੇ ਹਨ ਅਤੇ ਇਸ ਤਰ੍ਹਾਂ ਕਈ ਸਿਆਸੀ ḔਸੈੱਲḔ ਕਾਇਮ ਹੋਏ ਹੁੰਦੇ ਹਨ। ਸੀ.ਬੀ.ਸੀ. ਦੀ ਇਕ ਰਿਪੋਰਟ ਅਨੁਸਾਰ ਕਿਸੇ ਵੀ ਸੀਟ ਉੱਪਰ ਮੌਜੂਦਾ ਵਿਧਾਇਕ ਦੇ ਨਾ ਲੜਨ ਕਾਰਨ ਪਾਰਟੀ ਨੂੰ 3 ਤੋਂ 5 ਫ਼ੀਸਦੀ ਦਾ ਨੁਕਸਾਨ ਹੋ ਸਕਦਾ ਹੈ। ਖ਼ੈਰ, ਇਹ ਤਾਂ ਕਿਆਸ-ਅਰਾਈਆਂ ਹੀ ਹਨ ਅਤੇ ਇਸ ਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। 
ਉਂਜ, ਵੇਖਿਆ ਜਾਏ ਤਾਂ ਕੈਨੇਡਾ ਵਿਚ ਚੋਣਾਂ ਤੋਂ ਪਿੱਛੇ ਹੱਟ ਜਾਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ। ਇੱਥੇ ਭਾਰਤ, ਪਾਕਿਸਤਾਨ ਜਾਂ ਕਈ ਹੋਰ ਕਈ ਦੇਸ਼ਾਂ ਵਾਂਗ ਸਿਆਸਤਦਾਨ ਕੁਰਸੀ ਨਾਲ ਨਹੀਂ ਚਿੰਬੜਦੇ ਅਤੇ ਉਹ ਜਦੋਂ ਵੀ ਚਾਹੁੰਦੇ ਹਨ ਸਿਆਸਤ ਤੋਂ ਸੰਨਿਆਸ ਲੈ ਲੈਂਦੇ ਹਨ। ਕਈ ਤਾਂ ਸਿਹਤ ਪੱਖੋਂ ਜਾਂ ਕਿਸੇ ਹੋਰ ਕਾਰਨ ਕਰਕੇ ਅੱਗੋਂ ਚੋਣ ਨਾ ਲੜਨ ਦਾ ਐਲਾਨ ਕਰ ਦਿੰਦੇ ਹਨ ਅਤੇ ਕਈ ਆਪਣੇ ਜੀਵਨ ਵਿਚ ਹੋਰ ਪਹਿਲੂਆਂ ਜਿਵੇਂ ਨਿੱਜੀ ਬਿਜ਼ਨੈੱਸ ਆਦਿ ਨੂੰ ਪਹਿਲ ਦੇਣ ਦੀ ਗੱਲ ਕਰਦੇ ਹਨ। ਮੌਜੂਦਾ ਵਿਧਾਇਕਾਂ ਦਾ ਚੋਣਾਂ ਨਾ ਲੜਨ ਦਾ ਇਹ ਰੁਝਾਨ ਲਿਬਰਲ ਪਾਰਟੀ ਵਿਚ ਹੀ ਨਹੀਂ, ਸਗੋਂ ਹੋਰ ਪਾਰਟੀਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਵੇਂ ਐੱਨ.ਡੀ.ਪੀ. ਦੇ ਵੀ ਚਾਰ ਵਿਧਾਇਕ ਇਸ ਵਾਰ ਇਹ ਚੋਣ ਨਹੀਂ ਲੜ ਰਹੇ ਅਤੇ ਪੀ.ਸੀ. ਪਾਰਟੀ ਦੇ ਵੀ ਇਕ ਇਹ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਪਰ ਸੱਤਾਧਾਰੀ ਪਾਰਟੀ ਦੇ ਇਕੱਠੇ 11 ਵਿਧਾਇਕਾਂ ਵੱਲੋਂ ਕੀਤੇ ਗਏ ਅਜਿਹੇ ਐਲਾਨ ਕਰਨ ਨਾਲ ਪ੍ਰੀਮੀਅਰ ਕੈਥਲੀਨ ਵਿੱਨ ਨੂੰ ਇਕ ਵਾਰ ਤਾਂ ਜ਼ਰੂਰ ḔਧੱਕਾḔ ਲੱਗਾ ਹੋਵੇਗਾ। ਅੱਗੇ ਵੇਖੋ, ਓਨਟਾਰੀਓ ਦੀ ਲਿਬਰਲ ਪਾਰਟੀ ਇਸ ਸਿਆਸੀ ਧੱਕੇ ਨੂੰ ਕਿਵੇਂ ਲੈਂਦੀ ਹੈ।