ਮੁੰਬਈ:ਸੀਨੀਅਰ ਅਦਾਕਾਰ ਕਮਲ ਹਾਸਨ ਅੱਜ 68 ਵਰ੍ਹਿਆਂ ਦੇ ਹੋ ਗਏ। ਇਸ ਦੌਰਾਨ ਉਨ੍ਹਾਂ ਦੀ ਧੀ ਸ਼ਰੁਤੀ ਹਾਸਨ, ਤਾਮਿਲਨਾਡੂ ਤੇ ਕੇਰਲk ਦੇ ਮੁੱਖ ਮੰਤਰੀਆਂ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਕਮਲ ਹਾਸਨ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਕਮਲ ਹਾਸਨ ਦੀ ਧੀ ਸ਼ਰੁਤੀ ਹਾਸਨ ਨੇ ਇੰਸਟਾਗ੍ਰਾਮ ਸਟੋਰੀ ’ਚ ਆਪਣੇ ਪਿਤਾ ਦੀ ਬਚਪਨ ਦੀ ਤਸਵੀਰ ਸਾਂਝੀ ਕੀਤੀ ਜਿਸ ਦੀ ਕੈਪਸ਼ਨ ਵਜੋਂ ਉਸ ਨੇ ਲਿਖਿਆ, ‘‘ਹੈਪੀ ਬਰਥਡੇਅ ਬਾਪੂਜੀ’’। ਇਸ ਤੋਂ ਪਹਿਲਾਂ ਐਤਵਾਰ ਨੂੰ ਕਮਲ ਹਾਸਨ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਫਿਲਮ ‘ਕੇਐੱਚ 234’ 2024 ਵਿੱਚ ਥੀਏਟਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾ ਕਮਲ ਹਾਸਨ, ਮਣੀ ਰਤਨਮ, ਆਰ ਮਹੇਂਦਰਨ ਅਤੇ ਸ਼ਿਵਾ ਅਨੰਤ ਹਨ ਅਤੇ ਇਹ ਫਿਲਮ ਉਨ੍ਹਾਂ ਦੇ ਸਬੰਧਤ ਬੈਨਰਾਂ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ ਅਤੇ ਮਦਰਾਸ ਟਾਕੀਜ਼ ਦੇ ਬੈਨਰ ਹੇਠ ਬਣਾਈ ਗਈ ਹੈ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਹੈ। ਇਸੇ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਕੇਰਲਾ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਵੀ ਕਮਲ ਹਾਸਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉੱਧਰ, ਅਦਾਕਾਰ ਸਿਧਾਰਥ ਜੋ ਕਿ ਨਿਰਦੇਸ਼ਕ ਮਣੀ ਰਤਨਮ ਤੇ ਅਦਾਕਾਰ ਕਮਲ ਹਾਸਨ ਨੂੰ ਆਪਣੇ ਗੁਰੂ ਮੰਨਦਾ ਹੈ, ਨੇ ਇੰਸਟਾਗ੍ਰਾਮ ’ਤੇ ਕਮਲ ਹਾਸਨ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘‘ਮੇਰੇ ਬਚਪਨ ਤੋਂ ਹੀ ਮੇਰੇ ਮਨਪਸੰਦ ਅਦਾਕਾਰ। ਹਰੇਕ ਚੀਜ਼ ਲਈ ਧੰਨਵਾਦ ਕਮਲ ਸਰ।’’