ਓਟਵਾ, 21 ਜਨਵਰੀ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 60 ਫੀ ਸਦੀ ਕੈਨੇਡੀਅਨਜ਼ ਨੂੰ ਆਪਣੇ ਪਰਿਵਾਰਾਂ ਦਾ ਢਿੱਡ ਪਾਲਣਾ ਔਖਾ ਹੋਇਆ ਪਿਆ ਹੈ।
ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਖੁਲਾਸਾ ਹੋਇਆ ਕਿ 57 ਫੀ ਸਦੀ ਕੈਨੇਡੀਅਨਜ਼ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦਾ ਜੂਨ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਜਦੋਂ 2019 ਵਿੱਚ ਕੈਨੇਡੀਅਨਜ਼ ਤੋਂ ਅਜਿਹਾ ਸਵਾਲ ਪੁੱਛਿਆ ਗਿਆ ਸੀ ਤਾਂ ਉਸ ਸਮੇਂ 36 ਫੀ ਸਦੀ ਨੇ ਇਹੋ ਜਿਹਾ ਜਵਾਬ ਦਿੱਤਾ ਸੀ।ਇਨ੍ਹਾਂ ਅੰਕੜਿਆਂ ਪਿੱਛੇ ਮਹਿੰਗਾਈ ਦਾ ਹੱਥ ਹੈ ਕਿਉਂਕਿ ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰੀ ਕੈਨੇਡੀਅਨਜ਼ ਨੂੰ ਮਹਿੰਗਾਈ ਦੇ ਇਸ ਉੱਚ ਪੱਧਰ ਵਿੱਚੋਂ ਲੰਘਣਾ ਪੈ ਰਿਹਾ ਹੈ।
ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਵਿੱਚ ਪਾਇਆ ਗਿਆ ਕਿ ਕੁਕਿੰਗ ਆਇਲ (41·4 ਫੀ ਸਦੀ) ਤੇ ਚੀਨੀ (21·6 ਫੀ ਸਦੀ) ਵਰਗੀਆਂ ਰੋਜ਼ਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੀ ਦਸੰਬਰ 2020 ਤੇ ਦਸੰਬਰ 2021 ਦਰਮਿਆਨ ਲੋੜੋਂ ਵੱਧ ਵਾਧਾ ਹੋਇਆ ਹੈ। ਐਂਗਸ ਰੀਡ ਇੰਸਟੀਚਿਊਟ ਵੱਲੋਂ ਇਕਨੌਮਿਕ ਸਟਰੈੱਸ ਇੰਡੈਕਸ (ਈਐਸਆਈ) ਦੀ ਵੀ ਜਾਂਚ ਕੀਤੀ ਗਈ। ਇਸ ਤਹਿਤ ਕਰਜ਼ਾ, ਹਾਊਸਿੰਗ ਲਾਗਤ, ਕਿਸੇ ਘਰ ਦੀ ਫੂਡ ਦੀ ਕੀਮਤ, ਭਾਗੀਦਾਰ ਦੀ ਪਿਛਲੇ ਸਾਲ ਦੇ ਮੁਕਾਬਲੇ ਵਿੱਤੀ ਹਾਲਾਤ ਤੇ ਅਗਲੇ ਸਾਲ ਦੀ ਵਿੱਤੀ ਹਾਲਤ ਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ। ਫਿਰ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆਂ ਜਾਂਦਾ ਹੈ ਕਿ ਸਬੰਧਤ ਵਿਅਕਤੀ ਦੀ ਹਾਲਤ ਕਿਹੋ ਜਿਹੀ ਹੈ : ਵੱਧ ਫੁੱਲ ਰਿਹਾ ਹੈ, ਆਰਾਮ ਵਿੱਚ ਹੈ, ਬੇਆਰਾਮੀ ਵਿੱਚ ਹੈ ਜਾਂ ਸੰਘਰਸ਼ ਕਰ ਰਿਹਾ ਹੈ।
ਈਐਸਆਈ ਦੀ ਵਰਤੋਂ ਕਰਦਿਆਂ ਹੋਇਆਂ ਐਂਗਸ ਰੀਡ ਇੰਸਟੀਚਿਊਟ ਨੇ ਪਾਇਆ ਕਿ ਸੰਘਰਸ਼ ਕਰ ਰਹੇ 98 ਫੀ ਸਦੀ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਵਿੱਚ ਮੁਸ਼ਕਲ ਆ ਰਹੀ ਹੈ। ਜਿਹੜੇ ਵੱਧ ਫੁੱਲ ਰਹੇ ਹਨ ਉਨ੍ਹਾਂ ਲਈ ਫੂਡ ਦੀ ਕੀਮਤ ਮੈਨੇਜ ਕਰਨ ਯੋਗ ਹੈ ਜਾਂ ਖਾਣੇ ਦਾ ਜੁਗਾੜ ਕਰਨ ਬਾਰੇ ਉਨ੍ਹਾਂ ਨੂੰ ਸੋਚਣਾ ਨਹੀਂ ਪੈਂਦਾ। ਜਿਹੜੇ ਬੇਅਰਾਮੀ ਵਿੱਚ ਹਨ ਜਾਂ ਸੰਘਰਸ਼ ਕਰ ਰਹੇ ਹਨ ਉਨ੍ਹਾਂ ਲਈ ਆਪਣੇ ਘਰ ਦੇ ਜੀਆਂ ਲਈ ਖਾਣਾ ਜੁਟਾਉਣਾ ਮੁਸ਼ਕਲ ਹੋ ਸਕਦਾ ਹੈ।
ਸੰਘਰਸ਼ ਕਰਨ ਵਾਲਿਆਂ ਨੂੰ ਆਪਣੇ ਭਵਿੱਖ ਬਾਰੇ ਵੀ ਅਨਿਸ਼ਚਿਤਤਾ ਬਣੀ ਰਹਿੰਦੀ ਹੈ, ਇਨ੍ਹਾਂ ਵਿੱਚੋਂ ਸਿਰਫ 8 ਫੀ ਸਦੀ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਸਥਿਤੀ ਅਗਲੇ ਸਾਲ ਬਿਹਤਰ ਹੋ ਜਾਵੇਗੀ।ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 27 ਫੀ ਸਦੀ ਸੰਘਰਸ਼ ਕਰਨ ਵਾਲੀ ਵੰਨਗੀ ਵਿੱਚ ਸ਼ਾਮਲ ਸਨ ਜਦਕਿ 24 ਫੀ ਸਦੀ ਬਿਹਤਰ ਸਥਿਤੀ ਵਿੱਚ ਸਨ ਤੇ 25 ਫੀ ਸਦੀ ਬੇਅਰਾਮੀ ਵਾਲੀ ਸਥਿਤੀ ਵਿੱਚ ਸਨ।
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ 45 ਫੀ ਸਦੀ ਲੋਕਾਂ ਕੋਲੋਂ ਰੋਜ਼ਗਾਰ ਹੀ ਨਹੀਂ , ਕਿਊਬਿਕ ਦੇ 33 ਫੀ ਸਦੀ ਖੁਸ਼ਹਾਲ ਹਨ ਤੇ 19 ਫੀ ਸਦੀ ਸੰਘਰਸ਼ ਕਰ ਰਹੇ ਹਨ।39 ਫੀ ਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਦੀ ਵਿੱਤੀ ਸਥਿਤੀ ਕਾਫੀ ਨਿੱਘਰ ਗਈ। ਕੁੱਲ ਮਿਲਾ ਕੇ 49 ਫੀ ਸਦੀ ਐਲਬਰਟਾ ਵਾਸੀਆਂ, 47 ਫੀ ਸਦੀ ਸਸਕੈਚਵਨ ਵਾਸੀਆਂ, 47 ਫੀ ਸਦੀ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਾਸੀਆਂ ਨੇ ਮੰਨਿਆ ਕਿ ਪਿਛਲੇ ਸਾਲ ਉਨ੍ਹਾਂ ਦੀ ਵਿੱਤੀ ਸਥਿਤੀ ਕਾਫੀ ਮਾੜੀ ਰਹੀ।