ਮਿਸੀਸਾਗਾ, 28 ਜੂਨ : ਅਗਲੇ ਸਾਲ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਲਿਬਰਲਾਂ ਵੱਲੋਂ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਬੁੱਧਵਾਰ ਸ਼ਾਮ ਨੂੰ ਟੋਰਾਂਟੋ ਵਿਚ ਕੱਢੀ ਗਈ ਇਕ ਰੈਲੀ ਦੌਰਾਨ ਮਿਸੀਸਾਗਾ ਮਾਲਟਨ ਹਲਕੇ ਤੋਂ ਲਿਬਰਲਾਂ ਵੱਲੋਂ ਨਵਦੀਪ ਬੈਂਸ ਨੂੰ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਸ ਰੈਲੀ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਸ਼ਣ ਵੀ ਸ਼ਾਮਲ ਕੀਤਾ ਗਿਆ।ਇਨੋਵੇਸ਼ਨ ਸਾਇੰਸ ਐਂਡ ਇਕੋਨਾਮਿਕ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ ਨੇ ਇਸ ਮੌਕੇ ਆਖਿਆ ਕਿ ਉਹ ਸਕਾਰਾਤਮਕ ਢੰਗ ਨਾਲ ਆਪਣੀ ਕੈਂਪੇਨ ਚਲਾਉਣਗੇ ਤੇ ਡਰ ਆਧਾਰਿਤ ਸਿਆਸਤ ਤੋਂ ਦੂਰ ਹੀ ਰਹਿਣਗੇ।

ਉਨ੍ਹਾਂ ਇਹ ਵੀ ਆਖਿਆ ਕਿ ਪਾਰਟੀ ਦੀ ਤਰਜੀਹ ਅਰਥਚਾਰਾ ਹੈ।
ਇਸ ਦੌਰਾਨ ਮਿਸੀਸਾਗਾ ਓਨਟਾਰੀਓ ਦੇ ਕਨਵੈਂਸ਼ਨ ਸੈਂਟਰ ਵਿਚ ਇਕੱਠੇ ਹੋਏ ਆਪਣੇ ਸੈਂਕੜੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਅਗਲੇ ਸਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਾਰਟੀ ਨੂੰ ਨਕਾਰਾਤਮਕਤਾ ਘੇਰ ਸਕਦੀ ਹੈ। ਦੁਨੀਆਂ ਭਰ ਵਿਚ ਅੱਜ ਵੰਡੀਆਂ ਦੀ ਸਿਅਸਸਤ, ਧਰੁਵੀਕਰਨ ਤੇ ਲੋਕਵਾਦ ਭਾਰੂ ਹੈ। ਪਰ ਟਰੂਡੋ ਨੇ ਇਹ ਵੀ ਕਿਹਾ ਕਿ ਇਸ ਸਭ ਦੇ ਬਾਵਜੂਦ ਅਸੀਂ ਸਕਾਰਾਤਮਕਤਾ ਦਾ ਪੱਲਾ ਨਹੀਂ ਛੱਡਾਂਗੇ।
ਅਸੀਂ ਕੈਨੇਡਾ ਨੂੰ ਮਿਸਾਲ ਬਣਾਵਾਂਗੇ ਨਾ ਸਿਰਫ ਆਪਣੀਆਂ ਕਮਿਊਨੀਟੀਜ਼ ਤੇ ਬੱਚਿਆਂ ਸਾਹਮਣੇ ਹੀ ਸਗੋਂ ਪੂਰੀ ਦੁਨੀਆਂ ਸਾਹਮਣੇ ਇਹ ਸਿੱਧ ਕਰਾਂਗੇ ਕਿ ਇਹ ਸਭ ਕੁਝ ਹਮੇਸ਼ਾ ਕੰਮ ਨਹੀਂ ਕਰਦਾ।