ਓਟਵਾ, 24 ਮਾਰਚ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਕਿ ਫੈਡਰਲ ਸਰਕਾਰ ਆਪਣਾ 2021 ਦਾ ਬਜਟ 19 ਅਪਰੈਲ ਨੂੰ ਪੇਸ਼ ਕਰੇਗੀ।
ਇਹ ਆਸ ਕੀਤੀ ਜਾ ਰਹੀ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਹੋਏ ਲੋੜੋਂ ਵੱਧ ਖਰਚਿਆਂ ਦਾ ਫੈਡਰਲ ਸਰਕਾਰ ਹਿਸਾਬ ਦੇਵੇ ਤੇ ਵਧੀ ਬੇਰੋਜ਼ਗਾਰੀ ਬਾਰੇ ਵੀ ਤਫਸੀਲ ਨਾਲ ਦੱਸੇ। ਪ੍ਰਸ਼ਨ ਕਾਲ ਦੌਰਾਨ ਫਰੀਲੈਂਡ ਨੇ ਆਖਿਆ ਕਿ ਮਹਾਂਮਾਰੀ ਵਿੱਚ ਦਾਖਲ ਹੁੰਦੇ ਸਮੇਂ ਕੈਨੇਡਾ ਦੀ ਸਥਿਤੀ ਕਾਫੀ ਮਜ਼ਬੂਤ ਸੀ, ਜਿਸ ਕਾਰਨ ਸਰਕਾਰ ਕੈਨੇਡੀਅਨਾਂ ਨੂੰ ਹਰ ਪੱਖੋਂ ਮਦਦ ਕਰ ਸਕੀ। ਕੈਨੇਡੀਅਨਾਂ ਤੇ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਲਈ ਸਾਡੇ ਕੋਲੋਂ ਜੋ ਬਣ ਸਕੇਗਾ ਅਸੀਂ ਕਰਾਂਗੇ। ਫਰੀਲੈਂਡ ਨੇ ਅੱਗੇ ਆਖਿਆ ਕਿ ਸਾਡੇ ਕੋਲ ਨੌਕਰੀਆਂ ਲਈ ਤੇ ਵਿਕਾਸ ਲਈ ਪੂਰੀ ਯੋਜਨਾ ਹੈ।
2021 ਦਾ ਇਹ ਪਹਿਲਾ ਬਜਟ ਹੋਵੇਗਾ ਜਿਹੜਾ ਫੈਡਰਲ ਸਰਕਾਰ ਦੋ ਸਾਲਾਂ ਵਿੱਚ ਪਹਿਲੀ ਵਾਰੀ ਪੇਸ਼ ਕਰੇਗੀ। ਮਾਰਚ 2020 ਵਾਲਾ ਬਜਟ ਮਹਾਂਮਾਰੀ ਦੇ ਸੁ਼ਰੂ ਹੋਣ ਤੇ ਖਤਰਨਾਕ ਰੂਪ ਧਾਰਨ ਕਰਨ ਕਾਰਨ ਪੇਸ਼ ਹੀ ਨਹੀਂ ਸੀ ਕੀਤਾ ਗਿਆ। ਪਿਛਲੇ ਬਜਟ, ਜਿਸ ਨੂੰ 19 ਮਾਰਚ,2019 ਵਿੱਚ ਪੇਸ਼ ਕੀਤਾ ਗਿਆ ਸੀ, ਵਿੱਚ 2020-21 ਵਿੱਤੀ ਵਰ੍ਹੇ ਵਿੱਚ ਫੈਡਰਲ ਘਾਟਾ 19·7 ਬਿਲੀਅਨ ਡਾਲਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ। ਪਰ 2020 ਦੇ ਅੰਤ ਵਿੱਚ ਪੇਸ਼ ਕੀਤੀ ਗਈ ਆਰਥਿਕ ਅਪਡੇਟ ਵਿੱਚ ਸਾਲ 2020-21 ਵਿੱਚ ਵਿੱਤੀ ਘਾਟਾ ਵੱਧ ਕੇ 381·6 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਅਜਿਹਾ ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਸੈਂਕੜੇ ਬਿਲੀਅਨ ਡਾਲਰ ਦੇ ਖਰਚੇ ਕਾਰਨ ਹੋਇਆ।
ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ 2020 ਵਿੱਚ ਦਿੱਤੇ ਗਏ ਅਸਤੀਫੇ ਤੋਂ ਬਾਅਦ ਫਰੀਲੈਂਡ ਦੀ ਦੇਖਰੇਖ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਆਰਥਿਕ ਸਥਿਰਤਾ ਲਿਆਉਣ ਲਈ ਆਪਣਾ ਪਲੈਨ ਸਾਂਝਾ ਕਰੇਗੀ।