ਓਟਵਾ, 3 ਦਸੰਬਰ : ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਵੱਲੋਂ 14 ਦਸੰਬਰ ਨੂੰ ਫੈਡਰਲ ਸਰਕਾਰ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਮਹਿੰਗਾਈ ਦਰ ਵਿੱਚ ਹੋਏ ਵਾਧੇ, ਬ੍ਰਿਟਿਸ਼ ਕੋਲੰਬੀਆਂ ਵਿੱਚ ਆਏ ਹੜ੍ਹਾਂ ਤੇ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਅਰਥਚਾਰੇ ਦੀ ਸਥਿਤੀ ਬਾਰੇ ਸਰਕਾਰ ਦਾ ਨਜ਼ਰੀਆ ਸਪਸ਼ਟ ਕੀਤਾ ਜਾਵੇਗਾ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਰਕਾਰ ਜਾਣਦੀ ਹੈ ਕਿ ਦੇਸ਼ ਦੀ ਵਿੱਤੀ ਸਥਿਤੀ ਬਾਰੇ ਪਾਰਦਰਸ਼ੀ ਰਹਿਣਾ ਕਿੰਨਾ ਅਹਿਮ ਹੈ।
ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਸਰਕਾਰ ਦੀ ਆਰਥਿਕ ਸਥਿਤੀ ਸੰਭਲੀ ਹੈ ਤੇ ਲਿਬਰਲ ਸਰਕਾਰ ਨੂੰ ਥੋੜ੍ਹੀ ਰਾਹਤ ਮਿਲੀ ਹੈ। ਅਰਥਚਾਰੇ ਨੂੰ ਹੁਲਾਰਾ ਦੇਣ ਲਈ ਲਿਬਰਲ ਸਰਕਾਰ ਵੱਲੋਂ 100 ਬਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ ਸਰਕਾਰ ਨੇ ਚੋਣ ਕੈਂਪੇਨ ਵਿੱਚ ਕਈ ਬਿਲੀਅਨ ਡਾਲਰ ਹੋਰ ਖਰਚਣ ਦਾ ਕਰਾਰ ਵੀ ਕੀਤਾ ਸੀ। ਇਸ ਉੱਤੇ ਮਾਹਿਰਾਂ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਐਨੇ ਖਰਚਿਆਂ ਕਾਰਨ ਮਹਿੰਗਾਈ ਹੋਰ ਵਧ ਸਕਦੀ ਹੈ।