ਹੈਦਰਾਬਾਦ, 24 ਜਨਵਰੀ

ਅਮਰੀਕਾ ਵਿੱਚ ਲੁਟੇਰਿਆਂ ਦੀ ਗੋਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿਲੰਗਾਨਾ ਦਾ ਇੱਕ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਿਆ| ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ‘ਚ ਹੋਈ। ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਨੰਦਾਪੂ ਦੇਵਾਂਸ਼ (23) ਦੀ ਮੌਤ ਹੋ ਗਈ, ਜਦਕਿ ਹੈਦਰਾਬਾਦ ਦਾ ਕੋਪਲਾ ਸਾਈ ਚਰਨ ਜ਼ਖ਼ਮੀ ਹੋ ਗਿਆ। ਵਿਸ਼ਾਖਾਪਟਨਮ ਦਾ ਇੱਕ ਹੋਰ ਵਿਦਿਆਰਥੀ ਲਕਸ਼ਮਣ ਵਾਲ-ਵਾਲ ਬਚ ਗਿਆ। ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਤਿੰਨ ਵਿਦਿਆਰਥੀ ਸ਼ਿਕਾਗੋ ਦੀ ਗਵਰਨਰ ਸਟੇਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਸਿਰਫ਼ 10 ਦਿਨ ਪਹਿਲਾਂ ਹੀ ਅਮਰੀਕਾ ਗਏ ਸਨ। ਉਨ੍ਹਾਂ ਨੇ ਸ਼ਿਕਾਗੋ ਵਿਚ ਕਿਰਾਏ ‘ਤੇ ਰਿਹਾਇਸ਼ ਲਈ ਸੀ ਅਤੇ ਇਕੱਠੇ ਰਹਿ ਰਹੇ ਸਨ। ਐਤਵਾਰ ਸ਼ਾਮ ਨੂੰ ਤਿੰਨੋਂ ਇੰਟਰਨੈੱਟ ਕੁਨੈਕਸ਼ਨ ਲਈ ਰਾਊਟਰ ਖਰੀਦਣ ਲਈ ਨਿਕਲੇ ਸਨ, ਜਦੋਂ ਉਹ ਸ਼ਾਪਿੰਗ ਮਾਲ ਵੱਲ ਜਾ ਰਹੇ ਸਨ ਤਾਂ ਦੋ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਦੇਣ ਲਈ ਕਿਹਾ ਤੇ ਫੋਨ ਨੂੰ ਅਨਲਾਕ ਕਰਨ ਲਈ ਪਿੰਨ ਲੈ ਲਿਆ। ਲੁਟੇਰਿਆਂ ਨੇ ਵਿਦਿਆਰਥੀਆਂ ਤੋਂ ਪੈਸੇ ਵੀ ਲੁੱਟ ਲਏ। ਭੱਜਦੇ ਸਮੇਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ।