ਫ਼ਰੀਦਕੋਟ, 27 ਅਗਸਤ
ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਫ਼ਰੀਦਕੋਟ ਵਿੱਚ ਕਰਫਿਊ ਅਣਮਿੱਥੇ ਸਮੇਂ ਤੱਕ ਵਧਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਕਰਫਿਊ ਤੋਂ ਢਿੱਲ ਦਿੱਤੀ ਸੀ ਅਤੇ 12 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ। ਇਸ ਐਲਾਨ ਤੋਂ ਬਾਅਦ ਸ਼ਹਿਰ ਵਿੱਚ ਫ਼ਲ ਅਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਹਟਾ ਦਿੱਤੀਆਂ ਗਈਆਂ ਤੇ ਪੂਰਾ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ। ਪੁਲੀਸ ਨੇ ਬਾਜ਼ਾਰ ਵਿੱਚ ਫਲੈਗ ਮਾਰਚ ਕਰਨ ਤੋਂ ਬਾਅਦ ਜ਼ਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ। ਸੂਤਰਾਂ ਅਨੁਸਾਰ ਪੰਚਕੂਲਾ ਵਿੱਚ ਭੜਕੀ ਹਿੰਸਾ ਮਗਰੋਂ 400 ਡੇਰਾ ਪ੍ਰੇਮੀ ਵਾਪਸ ਫ਼ਰੀਦਕੋਟ ਸੁਰੱਖਿਅਤ ਪਹੁੰਚ ਗਏ ਹਨ। ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਪੁਲੀਸ ਸੁਰੱਖਿਆ ਹੇਠ ਫ਼ਰੀਦਕੋਟ ਲਿਆਂਦਾ ਗਿਆ। ਇਸ ਜ਼ਿਲ੍ਹੇ ’ਚੋਂ ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਪੰਚਕੂਲਾ ਗਏ ਸਨ, ਬਾਕੀ 600 ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਦੌਰਾਨ ਪੁਲੀਸ ਨੇ ਨਾਮ ਚਰਚਾ ਘਰ ਫ਼ਰੀਦਕੋਟ ਦੀ ਤਲਾਸ਼ੀ ਲਈ, ਜਿੱਥੋਂ ਵੱਡੀ ਮਾਤਰਾ ਵਿੱਚ ਰੋੜੇ, ਇੱਟਾਂ ਤੇ ਪੱਥਰ ਮਿਲੇ ਹਨ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤੀ ਕੰਟਰੋਲ ਹੇਠ ਹੈ। ਕਰਫਿਊ ਕਾਰਨ ਜ਼ਿਲ੍ਹੇ ਵਿੱਚ ਬੱਸ ਅਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਫ਼ਰੀਦਕੋਟ ਸ਼ਹਿਰ ਨੇੜਲੇ ਪਿੰਡ ਮਚਾਕੀ ਖੁਰਦ ਦੇ ਇੱਕ ਨੌਜਵਾਨ ਕਪੂਰ ਸਿੰਘ ਪੁੱਤਰ ਰੁਲਦੂ ਸਿੰਘ ਅਤੇ ਕੋਟਕਪੂਰੇ ਦੇ ਪ੍ਰੇਮ ਨਗਰ ਦੇ ਵਸਨੀਕ ਸੰਦੀਪ ਕੁਮਾਰ ਉਰਫ ਓਮ ਪ੍ਰਕਾਸ਼ ਦੇ ਪੰਚਕੂਲਾ ਹਿੰਸਾ ਦੌਰਾਨ ਗੋਲੀ ਵੱਜਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਪੀਜੀਆਈ ਦਾਖ਼ਲ ਕਰਾਇਆ ਗਿਆ ਹੈ।

ਠੇਕਿਆਂ ’ਤੇ ਬੇਅਸਰ ਰਿਹਾ ਕਰਫਿਊ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਲਾਏ ਕਰਫਿਊ ਕਾਰਨ ਆਮ ਜਿੱਥੇ ਲੋਕਾਂ ਨੂੰ ਘਰ ਲਈ ਲੋੜੀਂਦੀਆਂ ਵਸਤਾਂ ਲੈਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ, ਉਥੇ ਸ਼ਰਾਬ ਦੇ ਠੇਕਿਆਂ ’ਤੇ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਕਰਫਿਊ ਕਾਰਨ ਸਾਰਾ ਬਾਜ਼ਾਰ ਬੰਦ ਰਿਹਾ, ਪਰ ਸ਼ਹਿਰ ਦੇ ਠੇਕਿਆਂ ’ਤੇ ਸ਼ਰੇਆਮ ਸ਼ਰਾਬ ਵਿਕਦੀ ਰਹੀ। ‘ਆਪ’ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਸਮੁੱਚੇ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।