ਮੁੰਬਈ:ਤੇਲਗੂ ਤੇ ਤਾਮਿਲ ਅਦਾਕਾਰਾ ਹੰਸਿਕਾ ਮੋਟਵਾਨੀ ਤੇ ਉਸ ਦੇ ਕਾਫ਼ੀ ਲੰਮੇ ਸਮੇਂ ਤੋਂ ਦੋਸਤ ਤੇ ਕਾਰੋਬਾਰੀ ਸੋਹੇਲ ਕਥੂਰੀਆ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦਾ ਵਿਆਹ ਲੰਘੀ ਸ਼ਾਮ ਨੂੰ ਜੈਪੁਰ ਦੇ ਮੁਨਡੋਟਾ ਕਿਲੇ ਤੇ ਮਹਿਲ ਵਿੱਚ ਹੋਇਆ ਹੈ। ਸੋਸ਼ਲ ਮੀਡੀਆ ’ਤੇ ਨਵੇਂ ਵਿਆਹੇ ਜੋੜੇ ਦੀਆਂ ਵਾਇਰਲ ਹੋਈਆਂ ਤਸਵੀਰਾਂ ਵਿੱਚ ਹੰਸਿਕਾ ਨੇ ਲਾਲ ਰੰਗ ਦਾ ਲਹਿੰਗਾ ਅਤੇ ਸੋਹੇਲ ਨੇ ਸ਼ੇਰਵਾਨੀ ਪਾਈ ਹੋਈ ਹੈ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਲੈ ਕੇ ‘ਵਰਮਾਲਾ’ ਦੀ ਰਸਮ ਤੱਕ ਨਵਾਂ ਜੋੜਾ ਹਰ ਪਲ ਦਾ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਵਿਆਹ ਮਗਰੋਂ ਹਰੇਕ ਨਾਲ ਮਿਲਦੇ ਹੋਏ ਦੇਖਿਆ ਜਾ ਸਕਦਾ ਹੈ। ਵਿਆਹ ਸਮਾਗਮ ਵਿੱਚ ਸ਼ਾਨਦਾਰ ਸਜਾਵਟ ਦੇ ਨਾਲ-ਨਾਲ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਹ ਜੋੜਾ ਦਿਨ ਵਿੱਚ ਪਾਰਟੀ ਵੇਲੇ ਅਤੇ ਹਲਦੀ ਦੀ ਰਸਮ ਦੌਰਾਨ ਵੱਖ ਵੱਖ ਪਹਿਰਾਵੇ ਵਿੱਚ ਨਜ਼ਰ ਆਇਆ। ਪ੍ਰੀ-ਵੈਡਿੰਗ ਦੌਰਾਨ ਉਨ੍ਹਾਂ ਸਮੇਤ ਹਰੇਕ ਨੇ ਸਫ਼ੈਦ ਰੰਗ ਦੀ ਪੁਸ਼ਾਕ ਪਾਈ ਹੋਈ ਸੀ। ਜੈਪੁਰ ਵਿੱਚ ਵਿਆਹ ਤੋਂ ਪਹਿਲਾਂ ਹੰਸਿਕਾ ਆਪਣੇ ਦੋਸਤਾਂ ਨਾਲ ਗਰੀਸ ਵਿੱਚ ਕੀਤੀ ਪਾਰਟੀ ਦੀ ਵੀਡੀਓ ਸਾਂਝੀ ਕਰ ਚੁੱਕੀ ਹੈ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਨੱਚਦੀ ਦਿਖਾਈ ਦੇ ਰਹੀ ਹੈ।