ਲਾਸ ਏਂਜਲਜ਼:ਭਾਰਤੀ ਫਿਲਮ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਨਿਰਦੇਸ਼ਨ ਦੇ ਖੇਤਰ ਵਿੱਚ ਕੁਝ ਨਵੇਂ ਤਜਰਬੇ ਕਰਨ ਲਈ ਬਹੁਤ ਉਤਸ਼ਾਹਿਤ ਹੈ। ਰਾਜਾਮੌਲੀ ਦਾ ਕਹਿਣਾ ਹੈ ਕਿ ਹਰ ਫਿਲਮ ਨਿਰਦੇਸ਼ਕ ਦਾ ਹੌਲੀਵੁੱਡ ਵਿੱਚ ਫਿਲਮ ਬਣਾਉਣ ਦਾ ਸੁਫ਼ਨਾ ਹੁੰਦਾ ਹੈ। ਗੀਤ ‘ਨਾਟੂ ਨਾਟੂ’ ਨੂੰ ਸਰਬੋਤਮ ਓਰਿਜਨਲ ਸੌਂਗ ਦਾ ਪੁਰਸਕਾਰ ਮਿਲਣ ਤੋਂ ਇੱਕ ਹਫ਼ਤੇ ਬਾਅਦ ਸਟੀਫਨ ਸਪੀਲਬਰਗ ਤੇ ਜੇਮਜ਼ ਕੈਮਰੋਨ ਵਰਗੇ ਉੱਘੇ ਫਿਲਮ ਨਿਰਦੇਸ਼ਕਾਂ ਨੇ ‘ਐੱਸਐੱਸਆਰ’ ਦੇ ਨਾਂ ਨਾਲ ਜਾਣੇ ਜਾਂਦੇ ਰਾਜਾਮੌਲੀ ਦੀ ਤਾਰੀਫ਼ ਕੀਤੀ। ਇਸ ਮਗਰੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਰਾਜਾਮੌਲੀ ਨੇ ਕਿਹਾ, ‘ਅਸੀਂ ਇਸ ਵੇਲੇ ਜੋ ਖੁਸ਼ੀ ਮਹਿਸੂਸ ਕਰ ਰਹੇ ਹਾਂ, ਉਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ।’ ਰਾਜਾਮੌਲੀ ਨੇ ਕਿਹਾ, ‘ਮੇਰੇ ਫਿਲਮਾਂ ਬਣਾਉਣ ਪਿਛਲਾ ਕਾਰਨ ਇਹੀ ਹੈ… ਇਸ ਤਰ੍ਹਾਂ ਦਾ ਆਨੰਦ ਦਰਸ਼ਕਾਂ ਤੱਕ ਪਹੁੰਚਾਉਣਾ..!’ ਕੀ ਉਹ ਅਮਰੀਕਾ ਆ ਕੇ ਫਿਲਮ ਬਣਾਉਣਗੇ? ਇਸ ਸਵਾਲ ਦੇ ਜਵਾਬ ਵਿੱਚ ਰਾਜਾਮੌਲੀ ਨੇ ਕਿਹਾ, ‘ਮੇਰਾ ਖ਼ਿਆਲ ਹੈ ਕਿ ਹਰ ਨਿਰਦੇਸ਼ਕ ਦਾ ਇਹ ਸੁਫ਼ਨਾ ਹੁੰਦਾ ਹੈ ਕਿ ਉਸ ਨੂੰ ਹੌਲੀਵੁੱਡ ਵਿੱਚ ਫਿਲਮ ਬਣਾਉਣ ਦਾ ਮੌਕਾ ਮਿਲੇ। ਮੈਂ ਵੀ ਕੋਈ ਵੱਖਰਾ ਨਹੀਂ ਹਾਂ। ਮੈਂ ਵੀ ਨਵੇਂ ਤਜਰਬੇ ਕਰਨ ਲਈ ਤਿਆਰ ਹਾਂ।’