ਗਰਮੀ ਦੀਆਂ ਛੁੱਟੀਆਂ ਵਿਚ ਹਨੀ ਦੀ ਭੂਆ ਦਾ ਮੁੰਡਾ ਜਗਤਾਰ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਹਨੀ ਤੇ ਜਗਤਾਰ ਦੋਵੇਂ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ। ਹਨੀ ਨੇ ਇਕ ਦਿਨ ਜਗਤਾਰ ਨੂੰ ਪੁੱਛਿਆ, ‘ਜਗਤਾਰ ਤੂੰ ਛੁੱਟੀਆਂ ਦਾ ਕੰਮ ਮੁਕਾ ਲਿਆ ਹੈ?’
ਉਹ ਅੱਗੋਂ ਬੋਲਿਆ, ‘ਹੋਰ ਕੀ, ਮੈਂ ਛੁੱਟੀਆਂ ਦਾ ਕੰਮ ਕਰਕੇ ਹੀ ਤੁਹਾਡੇ ਕੋਲ ਆਇਆ ਸੀ।’ ਹਨੀ ਉਸ ਦਾ ਜਵਾਬ ਸੁਣ ਕੇ ਬੋਲਿਆ, ‘ਮੇਰੇ ਟਿਊਸ਼ਨ ਵਾਲੇ ਭੈਣ ਜੀ ਬਾਹਰ ਗਏ ਹੋਏ ਹਨ। ਮੈਂ ਉਨ੍ਹਾਂ ਦੀ ਉਡੀਕ ਕਰ ਰਿਹਾ ਹਾਂ। ਮੇਰਾ ਕੰਮ ਤਾਂ ਉਨ੍ਹਾਂ ਦੇ ਆਉਣ ’ਤੇ ਹੀ ਖ਼ਤਮ ਹੋਵੇਗਾ।’ ਜਗਤਾਰ ਨੇ ਅੱਗੋਂ ਹੱਸ ਕੇ ਕਿਹਾ, ‘ਹਨੀ, ਛੁੱਟੀਆਂ ਦੇ ਕੰਮ ਦਾ ਟਿਊਸ਼ਨ ਵਾਲੇ ਭੈਣ ਜੀ ਨਾਲ ਕੀ ਸਬੰਧ ਹੋਇਆ? ਮੈਂ ਤਾਂ ਟਿਊਸ਼ਨ ਵੀ ਨਹੀਂ ਰੱਖੀ ਹੋਈ’। ਹਨੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਹ ਥੋੜ੍ਹਾ ਰੁਕ ਕੇ ਬੋਲਿਆ, ‘ਜਗਤਾਰ, ਤੂੰ ਤਾਂ ਬਹੁਤ ਹੁਸ਼ਿਆਰ ਐਂ ਫੇਰ। ਕੀ ਤੈਨੂੰ ਸਭ ਕੁਝ ਆਉਂਦਾ ਹੈ?’ ਜਗਤਾਰ ਨੇ ਹਨੀ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ, ‘ਭਰਾ ਜੀ, ਜੇ ਮਿਹਨਤ ਕਰੋ ਤਾਂ ਸਭ ਕੁਝ ਆ ਜਾਂਦਾ ਹੈ। ਟਿਊਸ਼ਨ ਤਾਂ ਉਹ ਬੱਚੇ ਹੀ ਰੱਖਦੇ ਨੇ ਜਿਹੜੇ ਖ਼ੁਦ ਮਿਹਨਤ ਨਹੀਂ ਕਰਦੇ। ਜੇਕਰ ਕੁਝ ਨਾ ਆਉਂਦਾ ਹੋਵੇ ਤਾਂ ਕਿਸੇ ਨਾ ਕਿਸੇ ਤੋਂ ਪੁੱਛ ਲਵੋ। ਤੂੰ ਆਪਣਾ ਛੁੱਟੀਆਂ ਦਾ ਕੰਮ ਖ਼ਤਮ ਕਰ ਲੈ, ਮੈਂ ਤੈਨੂ ਹੁਸ਼ਿਆਰ ਹੋਣ ਦਾ ਮੰਤਰ ਦੱਸਾਂਗਾ।’
ਹਨੀ ਫ਼ਿਕਰਮੰਦੀ ਵਾਲੀ ਭਾਸ਼ਾ ਵਿਚ ਬੋਲਿਆ, ‘ਮੇਰਾ ਛੁੱਟੀਆਂ ਦਾ ਕੰਮ ਤਾਂ ਉਦੋਂ ਹੋਵੇਗਾ ਜਦੋਂ ਟਿਊਸ਼ਨ ਵਾਲੇ ਭੈਣ ਜੀ ਆਉਣਗੇ’।
ਜਗਤਾਰ ਬਹੁਤ ਆਤਮ ਵਿਸ਼ਵਾਸ ਨਾਲ ਬੋਲਿਆ, ‘ਹਨੀ ਤੂੰ ਛੱਡ ਟਿਊਸ਼ਨ ਵਾਲੀ ਭੈਣ ਜੀ ਨੂੰ। ਤੂੰ ਆਪਣਾ ਕੰਮ ਕਰਨਾ ਸ਼ੁਰੂ ਕਰ। ਬੋਲ ਸਭ ਤੋਂ ਪਹਿਲਾਂ ਕਿਹੜੇ ਵਿਸ਼ੇ ਦਾ ਕੰਮ ਕਰਨਾ ਹੈ?’ ਜਗਤਾਰ ਨੇ ਕੁਝ ਦਿਨ ਵਿਚ ਹੀ ਉਸ ਦਾ ਛੁੱਟੀਆਂ ਦਾ ਕੰਮ ਕਰਵਾ ਦਿੱਤਾ।
ਹਨੀ ਨੂੰ ਕੰਮ ਕਰਦਿਆਂ ਲੱਗਿਆ ਕਿ ਉਹ ਵੀ ਜਗਤਾਰ ਵਾਂਗ ਹੁਸ਼ਿਆਰ ਹੋ ਸਕਦਾ ਹੈ। ਉਸ ਵਿਚ ਲਾਪਰਵਾਹੀ ਦਾ ਔਗੁਣ ਹੈ ਅਤੇ ਆਤਮ ਵਿਸ਼ਵਾਸ ਦੀ ਘਾਟ ਹੈ। ਛੁੱਟੀਆਂ ਦਾ ਕੰਮ ਕਰਨ ਤੋਂ ਬਾਅਦ ਉਸ ਨੇ ਜਗਤਾਰ ਨੂੰ ਪੁੱਛਿਆ, ‘ਜਗਤਾਰ! ਤੂੰ ਹੁਸ਼ਿਆਰ ਹੋਣ ਦੇ ਮੰਤਰ ਬਾਰੇ ਗੱਲ ਕਰਦਾ ਸੀ। ਕੀ ਤੂੰ ਮੈਨੂੰ ਵੀ ਉਸ ਮੰਤਰ ਬਾਰੇ ਦੱਸੇਗਾਂ?’ ਜਗਤਾਰ ਨੇ ਅੱਗੋਂ ਉਸ ਨੂੰ ਕਿਹਾ ‘ਕਿਉਂ ਨਹੀਂ? ਪਰ ਇਹ ਮੰਤਰ ਉਦੋਂ ਹੀ ਕੰਮ ਕਰਦਾ ਹੈ ਜੇ ਇਸ ਨੂੰ ਸੁਣ ਕੇ ਇਸ ’ਤੇ ਅਮਲ ਵੀ ਕਰੋ।’
ਹਨੀ ਬੋਲਿਆ ‘ਵਾਅਦਾ ਰਿਹਾ, ਮੈਂ ਇਸ ਉੱਤੇ ਜ਼ਰੂਰ ਅਮਲ ਕਰਾਂਗਾ।’ ਜਗਤਾਰ ਬੋਲਿਆ ‘ਮਿੱਤਰਾਂ ਮੈਂ ਵੀ ਤੇਰੇ ਵਾਂਗ ਸਕੂਲ ਦਾ ਕੰਮ ਕਰਨ ਲੱਗਿਆਂ ਕਦੇ ਕਿਸੇ ਨੂੰ ਪੁੱਛਦਾ ਸੀ ਤੇ ਕਦੇ ਕਿਸੇ ਨੂੰ। ਇਕ-ਦੋ ਵਾਰ ਤਾਂ ਮੈਂ ਪਾਪਾ ਨੂੰ ਟਿਊਸ਼ਨ ਰਖਾਉਣ ਲਈ ਵੀ ਕਹਿ ਦਿੱਤਾ ਸੀ। ਇਕ ਦਿਨ ਮੇਰੇ ਦਾਦਾ ਜੀ ਨੇ ਮੈਨੂੰ ਬੁਲਾ ਕੇ ਕਿਹਾ ‘ਜਗਤਾਰ ਤੂੰ ਆਪਣੀ ਜਮਾਤ ਵਿਚ ਚੰਗੀ ਤਰ੍ਹਾਂ ਅਧਿਆਪਕ ਦਾ ਪੜ੍ਹਾਇਆ ਹੋਇਆ ਨਹੀਂ ਪੜ੍ਹਦਾ?’ ਮੈਂ ਦਾਦਾ ਜੀ ਦਾ ਪ੍ਰਸ਼ਨ ਸੁਣ ਕੇ ਚੁੱਪ ਰਿਹਾ।
ਦਾਦਾ ਜੀ ਨੇ ਅੱਗੋਂ ਕਿਹਾ ‘ਕਾਕਾ, ਮੈਂ ਤੈਨੂੰ ਹੁਸ਼ਿਆਰ ਹੋਣ ਦਾ ਮੰਤਰ ਦੱਸਦਾ ਹਾਂ, ਧਿਆਨ ਨਾਲ ਸੁਣ। ਜੇ ਕੋਈ ਗੱਲ ਸਮਝ ਨਾ ਆਵੇ ਤਾਂ ਉਸ ਨੂੰ ਆਪਣੇ ਕੋਲ ਲਿਖ ਲਵੋ। ਅਧਿਆਪਕ ਨੂੰ ਇਸ ਬਾਰੇ ਪੁੱਛੋ, ਇਕ ਵਾਰ ਪੁੱਛੋ, ਵਾਰ-ਵਾਰ ਪੁੱਛੋ। ਜਮਾਤ ਵਿਚ ਪੜ੍ਹਾਏ ਨੂੰ ਘਰ ਆ ਕੇ ਚੰਗੀ ਤਰ੍ਹਾਂ ਪੜ੍ਹੋ, ਜੇ ਫੇਰ ਵੀ ਕੋਈ ਸਮੱਸਿਆ ਆਵੇ ਤਾਂ ਆਪਣੇ ਮੰਮੀ ਪਾਪਾ ਤੋਂ ਪੁੱਛੋ।’ ਜਗਤਾਰ ਬੋੋੋੋਲ ਹੀ ਰਿਹਾ ਸੀ ਕਿ ਹਨੀ ਨੇ ਉਸ ਨੂੰ ਸਵਾਲ ਕੀਤਾ ‘ਜਗਤਾਰ ਮੈਂ ਵੀ ਦਾਦਾ ਜੀ ਨੂੰ ਇਹ ਸਵਾਲ ਕੀਤਾ ਸੀ, ਪਰ ਦਾਦਾ ਜੀ ਨੇ ਅੱਗੋਂ ਜਵਾਬ ਦਿੱਤਾ ਸੀ ਕਿ ਅਧਿਆਪਕ ਵਾਰ ਵਾਰ ਪੁੱਛਣ ’ਤੇ ਗੁੱਸਾ ਨਹੀਂ, ਸਗੋਂ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੀ ਗੱਲ ਬਿਲਕੁਲ ਠੀਕ ਨਿਕਲੀ। ਕੋਈ ਵੀ ਅਧਿਆਪਕ ਗੁੱਸਾ ਨਹੀਂ ਮਨਾਉਂਦਾ।’ ਹਨੀ, ਜਗਤਾਰ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਵੀ ਉਸ ਮੰਤਰ ’ਤੇ ਅਮਲ ਕਰਨ ਦਾ ਮਨ ਬਣਾ ਲਿਆ।