ਓਟਵਾ, 24 ਫਰਵਰੀ : ਕੈਨੇਡਾ ਭਰ ਵਿੱਚ ਰੇਲ ਸੇਵਾ ਠੱਪ ਕਰਨ ਵਾਲੇ ਬੈਰੀਕੇਡਜ਼ ਨੂੰ ਹੁਣ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਰਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਬੀਤੇ ਦਿਨੀਂ ਨੈਸ਼ਨਲ ਪ੍ਰੱੈਸ ਥਿਏਟਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਕਾਨੂੰਨ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਹੜੇ ਕੈਨੇਡੀਅਨਾਂ ਨੂੰ ਇਨ੍ਹਾਂ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਉਨ੍ਹਾਂ ਦਾ ਸਬਰ ਮੱੁਕਦਾ ਜਾ ਰਿਹਾ ਹੈ। ਮੁਜ਼ਾਹਰਾਕਾਰੀਆਂ ਵੱਲੋਂ ਲਾਏ ਇਨ੍ਹਾਂ ਬਲਾਕੇਡਜ਼ ਕਾਰਨ ਸੀਐਨ ਰੇਲ ਪੂਰਬੀ ਰੇਲ ਨੱੈਟਵਰਕ ਤੱਕ ਵਸਤਾਂ ਨਹੀਂ ਪਹੁੰਚਾ ਪਾ ਰਹੀ। ਕੈਨੇਡਾ ਭਰ ਵਿੱਚ ਵਾਇਆ ਰੇਲ ਪੈਸੈਂਜਰ ਸੇਵਾ ਠੱਪ ਹੋ ਕੇ ਰਹਿ ਗਈ ਹੈ। ਕਈ ਮੁਲਾਜ਼ਮਾਂ ਦੀ ਆਰਜ਼ੀ ਛਾਂਗੀ ਕਰ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਖੇਤੀਬਾੜੀ ਖੇਤਰ ੳੱੁਤੇ ਵੀ ਇਸ ਦਾ ਮਾੜਾ ਆਰਥਿਕ ਪ੍ਰਭਾਵ ਪੈ ਰਿਹਾ ਹੈ। ਉਹ ਵੀ ਆਪਣੇ ਉਤਪਾਦ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਲਿਜਾ ਪਾ ਰਹੇ।
ਇਸ ਦੌਰਾਨ ਵੈਸਟਸੂਵੈਟਨ ਦੇ ਹੈਰੇਡਿਟਰੀ ਚੀਫ ਸਮੌਗਲਗੈਮ ਨੇ ਆਖਿਆ ਕਿ ਜਿਹੜੀ ਅਸਹੂਲਤ ਹੁਣ ਬਾਕੀਆਂ ਨੂੰ ਹੋ ਰਹੀ ਹੈ ਉਹੋ ਜਿਹੀ ਅਸਹੂਲਤ ਅਸੀਂ ਬਰਦਾਸ਼ਤ ਕਰ ਚੁੱਕੇ ਹਾਂ ਜਦੋਂ ਸਾਡੇ ਲੋਕਾਂ ਨੂੰ ਰਿਜ਼ਰਵੇਸ਼ਨਜ਼ ਵੱਲ ਧੱਕ ਦਿੱਤਾ ਗਿਆ ਸੀ। ਜਿ਼ਕਰਯੋਗ ਹੈ ਕਿ ਬੀਸੀ ਵਿੱਚ ਵੈਸਟਸੂਵੈਟਨ ਦੀ ਟੈਰੇਟਰੀ ਵਿੱਚੋਂ ਨੈਚੂਰਲ ਗੈਸ ਪਾਈਪਲਾਈਨ ਵਿਛਾਏ ਜਾਣ ਦਾ ਫੈਸਲਾ ਆਉਣ ਤੋਂ ਬਾਅਦ ਤੋਂ ਹੀ ਇਸ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਵੈਸਟਸੂਵੈਟਨ ਹੈਰੇਡਿਟਰੀ ਚੀਫਜ਼ ਦੇ ਸਮਰਥਨ ਵਿੱਚ ਲੋਕਾਂ ਵੱਲੋਂ ਦੇਸ਼ ਭਰ ਵਿੱਚ ਸੜਕਾਂ ਉੱਤੇ ਹੀ ਨਹੀਂ ਸਗੋਂ ਰੇਲਵੇ ਟਰੈਕਜ਼ ਰੋਕ ਕੇ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਪਾਰਲੀਆਮੈਂਟ ਹਿੱਲ ੳੱੁਤੇ ਇੰਸੀਡੈਂਟ ਰਿਸਪਾਂਸ ਟੀਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ। ਟਰੂਡੋ ਨੇ ਆਖਿਆ ਕਿ ਗੱਲਬਾਤ ਦੀਆਂ ਸਾਰੀਆਂ ਕੋਸਿ਼ਸ਼ਾਂ ਅਸਫਲ ਹੋ ਗਈਆਂ ਹਨ। ਉਨ੍ਹਾਂ ਆਖਿਆ ਕਿ ਹੁਣ ਗੇਂਦ ਮੂਲਵਾਸੀ ਆਗੂਆਂ ਦੇ ਪਾਲੇ ਵਿੱਚ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਗੱਲਬਾਤ ਲਈ ਉੱਥੇ ਪਹੁੰਚਾਂਗੇ ਪਰ ਇਸ ਲਈ ਬੈਰੀਕੇਡ ਹਟਾਉਣੇ ਪੈਣਗੇ। ਉਨ੍ਹਾਂ ਆਖਿਆ ਕਿ ਉਦੋਂ ਤੱਕ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕਦੀ ਜਦੋਂ ਤੱਕ ਸਿਰਫ ਇੱਕ ਧਿਰ ਹੀ ਪਹੁੰਚ ਕਰਦੀ ਰਹੇ ਤੇ ਦੂਜੀ ਧਿਰ ਗੱਲਬਾਤ ਲਈ ਪਹੁੰਚੇ ਹੀ ਨਾ। ਅਸੀਂ ਵੀ ਕਦੋਂ ਤਕ ਇਹੋ ਜਿਹੀਆਂ ਕੋਸਿ਼ਸ਼ਾਂ ਕਰਦੇ ਰਹਾਂਗੇ। ਪਰ ਫਿਰ ਵੀ ਅਸੀਂ ਗੱਲਬਾਤ ਦੀ ਆਸ ਛੱਡੀ ਨਹੀਂ ਹੈ ਪਰ ਕਿਸੇ ਨੂੰ ਤਾਂ ਸਾਡੇ ਤੱਕ ਪਹੁੰਚ ਕਰਨੀ ਹੋਵੇਗੀ।
ਇਸ ਦੌਰਾਨ ਵੈਟਸੂਵੈਟਨ ਨੇਸ਼ਨ ਦੇ ਸਮਰਥਨ ਵਿੱਚ ਬੈਲੇਵਿਲੇ ਨੇੜੇ ਟਯੇਨਡਿਨਾਗਾ, ਓਨਟਾਰੀਓ ਵਿੱਚ ਇੱਕ ਹਫਤੇ ਤੋਂ ਰੇਲਵੇ ਲਾਈਨ ਬਲਾਕ ਕਰੀ ਬੈਠੇ ਚੀਫਜ਼ ਨੇ ਆਖਿਆ ਕਿ ਕਿਸੇ ਤਰ੍ਹਾਂ ਦੀ ਅਗਲੀ ਗੱਲਬਾਤ ਲਈ ਆਰਸੀਐਮਪੀ ਨੂੰ ਪੂਰੀ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਛੱਡਣੀ ਹੋਵੇਗੀ, ਕੋਸਟਲ ਗੈਸਲਿੰਕ ਦਾ ਸਾਰਾ ਕੰਮ ਬੰਦ ਕਰਨਾ ਹੋਵੇਗਾ ਤੇ ਜਦੋਂ ਤੱਕ ਗੱਲਬਾਤ ਚੱਲੇਗੀ ਪਾਈਪਲਾਈਨ ਦਾ ਕੋਈ ਕੰਮ ਨਹੀਂ ਹੋਵੇਗਾ। ਜੇ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਇਹ ਬਲਾਕੇਡਜ਼ ਖ਼ਤਮ ਕੀਤੇ ਜਾ ਸਕਦੇ ਹਨ।