ਸ਼ਿਮਲਾ, 14 ਜਨਵਰੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਅਨਾਥ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ, ਬੇਸਹਾਰਾ ਔਰਤਾਂ ਅਤੇ ਗੂੰਗੇ ਤੇ ਬੋਲ਼ੇ ਬੱਚਿਆਂ ਨੂੰ ਹਰ ਸਾਲ ਪ੍ਰਤੀ ਵਿਅਕਤੀ 10,000 ਰੁਪਏ ਕੱਪੜਾ ਭੱਤਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਸ਼ਿਮਲਾ ਦੇ ਬਸੰਤਪੁਰ ਵਿੱਚ ਇੱਕ ਬਿਰਧ ਆਸ਼ਰਮ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਅਤੇ ਸਰਦੀ ਦੇ ਕੱਪੜਿਆਂ ਲਈ ਪੰਜ-ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਸੁੱਖੂ ਨੇ ਬਿਰਧਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਡੇ ਤਿਉਹਾਰ ਆਸ਼ਰਮਾਂ ’ਚ ਰਹਿ ਰਹੇ ਲੋਕਾਂ, ਅਨਾਥ ਬੱਚਿਆਂ ਅਤੇ ਬੇਸਹਾਰਾ ਔਰਤਾਂ ਨਾਲ ਮਨਾਉਣ ਤਾਂ ਜੋ ਉਨ੍ਹਾਂ ਵਿੱਚ ਆਪਸੀ ਸਾਂਝ ਦਾ ਅਹਿਸਾਸ ਹੋਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਨਾਥ ਆਸ਼ਰਮਾਂ ਦੇ ਲੋਕਾਂ ਨੂੰ 500 ਰੁਪਏ ਤਿਉਹਾਰੀ ਭੱਤਾ ਵੀ ਦੇਣ ਦਾ ਫ਼ੈਸਲਾ ਕੀਤਾ ਹੈ।