ਨਵੀਂ ਦਿੱਲੀ:ਹਾਕੀ ਇੰਡੀਆ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਅਤੇ ਸਹਿਯੋਗੀ ਸਟਾਫ਼ ਦਾ ਉਤਸ਼ਾਹ ਵਧਾਉਣ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤੀ ਟੀਮ 13 ਜਨਵਰੀ ਨੂੰ ਸਪੇਨ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। ਇਸ ਦੌਰਾਨ ਹਾਕੀ ਇੰਡੀਆ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਣ ’ਤੇ ਟੀਮ ਦੇ ਹਰ ਮੈਂਬਰ ਨੂੰ 25 ਲੱਖ ਰੁਪਏ ਅਤੇ ਸਹਾਇਕ ਸਟਾਫ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਚਾਂਦੀ ਦਾ ਤਗਮਾ ਜਿੱਤਣ ’ਤੇ ਖਿਡਾਰੀਆਂ ਨੂੰ 15 ਲੱਖ ਅਤੇ ਸਹਾਇਕ ਸਟਾਫ ਨੂੰ ਤਿੰਨ ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਕਾਂਸੇ ਦਾ ਤਗਮਾ ਜਿੱਤਣ ’ਤੇ ਖਿਡਾਰੀਆਂ ਨੂੰ 10 ਲੱਖ ਅਤੇ ਸਹਿਯੋਗੀ ਸਟਾਫ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਕੀ ਇੰਡੀਆਂ ਦੇ ਕਾਰਜਕਾਰੀ ਬੋਰਡ ਨੇ 24 ਦਸੰਬਰ ਨੂੰ ਆਨਲਾਈਨ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੀਨੀਅਰ ਪੁਰਸ਼ ਵਿਸ਼ਵ ਕੱਪ ਵਿੱਚ ਤਗਮਾ ਜਿੱਤਣਾ ਸੌਖਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਸ ਐਲਾਨ ਨਾਲ ਟੀਮ ਦਾ ਉਤਸ਼ਾਹ ਹੋਰ ਵਧੇਗਾ।’’