ਭੁਬਨੇਸ਼ਵਰ, 28 ਜਨਵਰੀ

ਉੜੀਸਾ ਵਿਚ ਜਾਰੀ ਹਾਕੀ ਵਿਸ਼ਵ ਕੱਪ ਦਾ ਫਾਈਨਲ ਜਰਮਨੀ ਤੇ ਬੈਲਜੀਅਮ ਵਿਚਾਲੇ ਖੇਡਿਆ ਜਾਵੇਗਾ। ਅੱਜ ਹੋਏ ਸੈਮੀਫਾਈਨਲ ਮੈਚਾਂ ਵਿਚ ਜਰਮਨੀ ਨੇ ਆਸਟਰੇਲੀਆ ਤੇ ਬੈਲਜੀਅਮ ਨੇ ਨੈਦਰਲੈਂਡਜ਼ ਨੂੰ ਮਾਤ ਦੇ ਕੇ ਫਾਈਨਲ ਵਿਚ ਥਾਂ ਪੱਕੀ ਕੀਤੀ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ। ਅੱਜ ਹੋਏ ਪਹਿਲੇ ਸੈਮੀਫਾਈਨਲ ਵਿਚ ਸਟਾਰ ਡਰੈਗ-ਫਲਿੱਕਰ ਗੌਂਜ਼ਾਲੋ ਪਿੱਲਟ ਵੱਲੋਂ ਦੂਜੇ ਅੱਧ ਵਿਚ ਕੀਤੀ ਹੈਟ-ਟ੍ਰਿਕ ਦੀ ਬਦੌਲਤ ਜਰਮਨੀ ਨੇ ਸਨਸਨੀਖ਼ੇਜ਼ ਵਾਪਸੀ ਕਰਦਿਆਂ ਆਸਟਰੇਲੀਆ ਨੂੰ ਦੋ ਗੋਲਾਂ ਨਾਲ ਪੱਛੜਨ ਦੇ ਬਾਵਜੂਦ 4-3 ਨਾਲ ਹਰਾ ਦਿੱਤਾ। ਜਰਮਨੀ ਨੇ ਪੰਜਵੀਂ ਵਾਰ ਫਾਈਨਲ ਵਿਚ ਥਾਂ ਬਣਾਈ ਹੈ। ਗੌਂਜ਼ਾਲੋ ਨੇ 43ਵੇਂ, 52ਵੇਂ ਤੇ 59ਵੇਂ ਮਿੰਟ ਵਿਚ ਗੋਲ ਕੀਤੇ, ਜਦਕਿ ‘ਪਲੇਅਰ ਆਫ ਦਿ ਮੈਚ’ ਨਿਕੋਲਸ ਵੈੱਲਨ (60ਵੇਂ ਮਿੰਟ) ਨੇ ਖੇਡ ਖ਼ਤਮ ਹੋਣ ਤੋਂ ਕੁਝ ਸਕਿੰਟ ਪਹਿਲਾਂ ਆਸਟਰੇਲੀਆ ਖ਼ਿਲਾਫ਼ ਜੇਤੂ ਗੋਲ ਦਾਗਿਆ। ਦੂਜੇ ਸੈਮੀਫਾਈਨਲ ਵਿਚ ਬੈਲਜੀਅਮ ਨੇ ਨੈਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਗੋਲਾਂ ਨਾਲ ਹਰਾ ਦਿੱਤਾ। ਮੈਚ ਦਾ ਸਮਾਂ ਖ਼ਤਮ ਹੋਣ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਉਤੇ ਸਨ। ਇਸ ਤੋਂ ਪਹਿਲਾਂ ਕਾਲਿੰਗਾ ਸਟੇਡੀਅਮ ਵਿਚ ਹੋਏ ਮੈਚ ’ਚ ਆਸਟਰੇਲੀਆ ਪਹਿਲੇ ਅੱਧ ਤੱਕ 2-0 ਗੋਲਾਂ ਨਾਲ ਅੱਗੇ ਸੀ। ਆਸਟਰੇਲੀਆ ਵੱਲੋਂ ਜੈਰੇਮੀ ਹੇਅਵਰਡ (12ਵੇਂ ਮਿੰਟ), ਨਾਥਨ ਐਫਰੌਮਸ (27ਵੇਂ ਮਿੰਟ) ਤੇ ਬਲੇਕ ਗੋਵਰਸ (58ਵੇਂ ਮਿੰਟ) ਨੇ ਗੋਲ ਕੀਤੇ। ਜ਼ਿਕਰਯੋਗ ਹੈ ਕਿ ਜਰਮਨੀ ਦੋ ਵਾਰ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ।