ਨਵੀਂ ਦਿੱਲੀ, 27 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਰਸਮੀ ਆਗਾਜ਼ ਕੀਤਾ ਹੈ। ਮਿਸ਼ਨ ਤਹਿਤ ਹਰੇਕ ਨਾਗਰਿਕ ਲਈ ਵੱਖਰੀ ਸਿਹਤ ਆਈਡੀ ਯਕੀਨੀ ਬਣੇਗੀ। ਮਿਸ਼ਨ ਤਹਿਤ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਦੀ ਡਿਜੀਟਲ ਫਾਰਮੈੱਟ ਵਿੱਚ ਸਾਂਭ ਸੰਭਾਲ ਕੀਤੀ ਜਾਵੇਗੀ। ਇਹੀ ਨਹੀਂ ਮਿਸ਼ਨ ਤਹਿਤ ਸਿਹਤ ਖੇਤਰ ਨਾਲ ਜੁੜੇ ਸਾਰੀ ਭਾਈਵਾਲਾਂ ਨੂੰ ਇਕ ਮੰਚ ’ਤੇ ਲਿਆਂਦਾ ਜਾਵੇਗਾ ਤੇ ਨਾਗਰਿਕਾਂ ਲਈ ਚੋਣ ਕਰਨੀ ਸੁਖਾਲੀ ਹੋ ਜਾਵੇਗੀ। ਸ੍ਰੀ ਮੋਦੀ ਨੇ ਮਿਸ਼ਨ ਦੇ ਆਗਾਜ਼ ਨੂੰ ‘ਭਾਰਤ ਵਿਚ ਸਿਹਤ ਸੁਧਾਰਾਂ ਦੇ ਖੇਤਰ ਵਿੱਚ ਬੇਮਿਸਾਲ ਗੇੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਸਿਹਤ ਮਿਸ਼ਨ ਭਾਰਤ ਵਿੱਚ ਸਿਹਤ ਸੰਭਾਲ ਨਾਲ ਜੁੜੀ ਸੇਵਾਵਾਂ ਦੀ ਡਲਿਵਰੀ ਵਿੱਚ ਇਨਕਲਾਬ ਲਿਆਉਣ ਦੇ ਸਮਰੱਥ ਹੈ ਤੇ ਇਸ ਦਾ ਦੇਸ਼ ਦੇ ਗਰੀਬ ਤੇ ਮੱਧ ਵਰਗ ਨੂੰ ਵੱਡਾ ਫਾਇਦਾ ਮਿਲੇਗਾ। ਕਾਬਿਲੇਗੌਰ ਹੈ ਕਿ ਪਿਛਲੇ ਇਕ ਸਾਲ ਤੋਂ ਚੰਡੀਗੜ੍ਹ ਸਮੇਤ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਮਿਸ਼ਨ ਦੇ ਟਰਾਇਲ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਗਿਆ ਹੈ।