ਕੀਵ, 25 ਅਗਸਤ

ਯੂਕਰੇਨ ਨੇ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾਇਆ। ਯੂਕਰੇਨ ਨੇ 1991 ਵਿਚ ਸੋਵੀਅਤ ਸੰਘ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਜ ਰੂਸ ਵੱਲੋਂ ਕੀਤੇ ਹਮਲੇ ਨੂੰ ਵੀ ਪੂਰੇ ਛੇ ਮਹੀਨੇ ਹੋ ਗਏ ਹਨ। ਕੀਵ ਵਾਸੀਆਂ ਦੀ ਨੀਂਦ ਅੱਜ ਸਵੇਰੇ ਹਵਾਈ ਹਮਲਿਆਂ ਦੇ ਸਾਇਰਨ ਨਾਲ ਖੁੱਲ੍ਹੀ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਵੱਲੋਂ ਜ਼ੋਰਦਾਰ ਹਮਲੇ ਕੀਤੇ ਜਾਣ ਦਾ ਡਰ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿਚ ਵੀਰਵਾਰ ਤੱਕ ਵੱਡੇ ਇਕੱਠਾਂ ਉਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਛੁੱਟੀ ਹੋਣ ਕਾਰਨ ਰੂਸ ਮਿਜ਼ਾਈਲਾਂ ਨਾਲ ਹਮਲੇ ਕਰ ਸਕਦਾ ਹੈ। ਜ਼ੈਲੇਂਸਕੀ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਸਾਇਰਨ ਧਿਆਨ ਨਾਲ ਸੁਣੇ ਜਾਣ ਤੇ ਕਰਫਿਊ ਦੀ ਪਾਲਣਾ ਕੀਤੀ ਜਾਵੇ। ਕੀਵ ਦੇ ਸੈਂਟਰਲ ਸਕੁਏਅਰ ਵਿਚ ਤਬਾਹ ਹੋਏ ਕੁਝ ਰੂਸੀ ਟੈਂਕ ਤੇ ਹੋਰ ਸਾਜ਼ੋ-ਸਾਮਾਨ ਰੱਖਿਆ ਗਿਆ ਹੈ ਜਿਸ ਨੂੰ ਦੇਖਣ ਲਈ ਲੋਕ ਜੁੜਦੇ ਹਨ। ਦੱਸਣਯੋਗ ਹੈ ਕਿ ਪੂਰੇ ਛੇ ਮਹੀਨੇ ਪਹਿਲਾਂ 24 ਫਰਵਰੀ ਨੂੰ ਰੂਸ ਨੇ ਯੂਕਰੇਨ ’ਤੇ ਹੱਲਾ ਬੋਲਿਆ ਸੀ। ਜ਼ੈਲੇਂਸਕੀ ਨੇ ਆਜ਼ਾਦੀ ਦਿਹਾੜੇ ਮੌਕੇ ਕਿਹਾ, ‘24 ਫਰਵਰੀ ਨੂੰ ਸਾਨੂੰ ਕਿਹਾ ਗਿਆ ਸੀ ਕਿ ਤੁਹਾਡੇ ਕੋਲ ਕੋਈ ਮੌਕਾ ਨਹੀਂ ਬਚਿਆ। ਅੱਜ 24 ਅਗਸਤ ਨੂੰ, ਅਸੀਂ ਕਹਿੰਦੇ ਹਾਂ: ਆਜ਼ਾਦੀ ਦਿਹਾੜਾ ਮੁਬਾਰਕ ਹੋਵੇ।’ ਇਸ ਦੌਰਾਨ ਬਰਤਾਨੀਆ ਸਣੇ ਹੋਰ ਪੱਛਮੀ ਦੇਸ਼ਾਂ ਨੇ ਯੂਕਰੇਨ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਭਾਰਤ ਨੇ ਵੀ ਯੂਕਰੇਨ ਨੂੰ ਆਜ਼ਾਦੀ ਦਿਹਾੜੇ ਮੌਕੇ ਵਧਾਈ ਦਿੱਤੀ।