ਡਾ. ਹਰਜੀਤ ਸਿੰਘ

ਅਦਭੁੱਤ ਵਾਦੀ ਵਿਚ ਅੱਜ ਇਕ ਬਹੁਤ ਅਨੋਖੀ ਰਾਤ ਸੀ। ਹਨੇਰੇ ਵਿਚ ਲਿਸ਼ਕਦੀਆਂ ਅੱਖਾਂ ਵਾਲੇ ਖੌਫ਼ਨਾਕ ਜੀਵਾਂ ਨੇ ਆਲੋਕ ਨੂੰ ਘੇਰ ਲਿਆ ਸੀ। ਆਲੋਕ ਨੇ ਡਰ ਨਾਲ ਨਿੱਕੇ ਭਾਲੂ ਨੂੰ ਆਪਣੀ ਹਿੱਕ ਨਾਲ ਲਾਇਆ ਹੋਇਆ ਸੀ। ਕਾਟੋ ਵੀ ਚੀਂ ਚੀਂ ਕਰਦੀ ਉਸ ਦੇ ਮੋਢਿਆਂ ’ਤੇ ਸੀ।

ਆਲੋਕ ਗੋਗੋ ਨੂੰ ਯਾਦ ਕਰ ਰਿਹਾ ਸੀ। ਕੁਝ ਹੀ ਪਲਾਂ ਵਿਚ ਗੋਗੋ ਰੋਬੋ ਦਾ ਨੀਲੀ ਰੌਸ਼ਨੀਆਂ ਨਾਲ ਬਣਿਆ ਆਕਾਰ ਆਲੋਕ ਦੇ ਸਾਹਮਣੇ ਪ੍ਰਗਟ ਹੋ ਗਿਆ। ਗੋਗੋ ਨੇ ਉਸ ਨੂੰ ਆਵਾਜ਼ ਦਿੱਤੀ,‘ਆਲੋਕ’। ਆਪਣਾ ਨਾਂ ਸੁਣ ਕੇ ਆਲੋਕ ਨੇ ਅੱਖਾਂ ਖੋਲ੍ਹੀਆਂ ਤੇ ਗੋਗੋ ਦੇ ਰੌਸ਼ਨੀਆਂ ਨਾਲ ਬਣੇ ਆਕਾਰ ਨੂੰ ਵੇਖ ਕੇ ਉੱਚੀ ਆਵਾਜ਼ ਵਿਚ ਬੋਲਿਆ,‘ਗੋਗੋ ਗੋਗੋ ਇਨ੍ਹਾਂ ਜੀਵਾਂ ਨੂੰ ਮਾਰਦੇ ਇਹ ਸਾਨੂੰ ਖਾ ਜਾਣਗੇ।’ ਗੋਗੋ ਰੋਬੋ ਨੇ ਕਿਹਾ, ‘ਆਲੋਕ ਮੈਂ ਰੋਬੋਟ ਹਾਂ, ਹਥਿਆਰ ਨਹੀਂ, ਮੈਂ ਕਿਸੇ ਦਾ ਦੁਸ਼ਮਣ ਨਹੀਂ।’ ਇਸ ਸਮੇਂ ਦੌਰਾਨ ਆਲੋਕ ਦੁਆਲੇ ਫੈਲੀ ਨੀਲੀ ਰੌਸ਼ਨੀ ਕਰਕੇ ਉਸ ਵੱਲ ਵਧ ਰਹੇ ਖੌਫ਼ਨਾਕ ਜੀਵ ਰੁਕ ਗਏ। ਪਰ ਉਨ੍ਹਾਂ ਦੀ ਸ਼ੂਕ ਪੁਰੀ ਵਾਦੀ ਵਿਚ ਗੂੰਜ ਰਹੀ ਸੀ। ਗੋਗੋ ਰੋਬੋ ਕਹਿਣ ਲੱਗਾ,‘ਆਲੋਕ ਸਦਾ ਦੂਸਰੇ ਜੀਵਾਂ ਨੂੰ ਦੁਸ਼ਮਣ ਹੀ ਨਹੀਂ ਸਮਝਣਾ ਚਾਹੀਦਾ। ਠਹਿਰ ਆਲੋਕ ਇਨ੍ਹਾਂ ਜੀਵਾਂ ਦੀਆਂ ਮਨ ਤਰੰਗਾਂ ਮੇਰੇ ਕੋਲ ਪਹੁੰਚ ਰਹੀਆਂ ਨੇ।’ ਇਹ ਸੁਣ ਕੇ ਆਲੋਕ ਦਾ ਡਰ ਕੁਝ ਘਟ ਗਿਆ। ਉਸ ਨੇ ਹੌਲੀ ਜਿਹੇ ਨਿੱਕੇ ਭਾਲੂ ਨੂੰ ਆਪਣੇ ਪੈਰਾਂ ਕੋਲ ਰੱਖਿਆ ਤੇ ਉਹ ਗੋਮਤੀ ਅੰਮਾ ਵਾਂਗ ਹੱਥ ਜੋੜ ਕੇ ਗੋਡਿਆਂ ਭਾਰ ਬੈਠ ਗਿਆ ਤੇ ਅੱਖਾਂ ਮੀਟ ਕੇ ਬਹੁਤ ਵਿਸ਼ਵਾਸ ਤੇ ਬਹੁਤ ਸ਼ਰਧਾ ਨਾਲ ਕਹਿਣ ਲੱਗਾ, ‘ਹੇ ਅਜਨਬੀ ਜੀਵੋ ਸਾਡੀ ਕੋਈ ਦੁਸ਼ਮਣੀ ਨਹੀਂ। ਇਹ ਧਰਤੀ ਤੁਹਾਡੀ ਵੀ ਏ ਅਸੀਂ ਤਾਂ ਰਾਹੀ ਹਾਂ। ਅਸੀਂ ਨੀਲੀ ਝੀਲ ’ਤੇ ਜਾ ਰਹੇ ਹਾਂ। ਜਿੱਥੇ ਸੌ ਸਾਲਾਂ ਬਾਅਦ ਅਲੌਕਿਕ ਫੁੱਲ ਖਿੜਨਗੇ। ਅਸੀਂ ਤੇ ਉਹ ਫੁੱਲ ਵੇਖਣੇ ਨੇ। ਅਸੀਂ ਤੁਹਾਨੂੰ ਦੁਖ ਦੇਣ ਨਹੀਂ ਆਏ।’

ਆਲੋਕ ਨੂੰ ਗੋਗੋ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਅੱਖਾਂ ਖੋਲ੍ਹ ਕੇ ਗੋਗੋ ਦੇ ਨੀਲੀ ਰੌਸ਼ਨੀ ਵਾਲੇ ਆਕਾਰ ਵੱਲ ਵੇਖਿਆ। ਗੋਗੋ ਕਹਿਣ ਲੱਗਾ,‘ਆਲੋਕ ਇਹ ਜੀਵ ਬਹੁਤ ਦੂਰੋਂ ਦੂਰੋਂ ਇੱਥੇ ਆਏ ਨੇ। ਇਹ ਇਸ ਵਾਦੀ ਦੇ ਰੱਖਿਅਕ ਹਨ। ਉਹ ਤੈਨੂੰ ਦੁਸ਼ਮਣ ਸਮਝਦੇ ਹਨ ਕਿਉਂਕਿ ਧਰਤ ਵਾਸੀ ਮਨੁੱਖ ਇਨ੍ਹਾਂ ਜੀਵਾਂ ਨੂੰ ਮਾਰ ਰਹੇ ਹਨ। ਇਹ ਨਹੀਂ ਚਾਹੁੰਦੇ ਕਿ ਧਰਤੀ ਵਾਸੀ ਮਨੁੱਖ ਇਨ੍ਹਾਂ ਫੁੱਲਾਂ ਨੂੰ ਖਿੜਦਿਆਂ ਵੇਖਣ।’ ਆਲੋਕ ਨੇ ਕਿਹਾ,‘ਗੋਗੋ ਰੋਬੋ ਪਰ ਮੈਂ ਤਾਂ ਕਦੇ ਇੰਜ ਜੀਵਾਂ ਨੂੰ ਨਹੀਂ ਮਾਰਿਆ।’ ਕਾਟੋ ਜੋ ਹੁਣ ਤਕ ਆਲੋਕ ਦੇ ਮੋਢੇ ’ਤੇ ਬੈਠੀ ਹੋਈ ਸੀ ਕਹਿਣ ਲੱਗੀ,‘ਹਾਂ ਗੋਗੋ ਰੋਬੋ ਆਲੋਕ ਧਰਤੀ ਵਾਸੀ ਤਾਂ ਹੈ, ਪਰ ਇਹ ਉਨ੍ਹਾਂ ਵਰਗਾ ਨਹੀਂ ਜੋ ਜੀਵ ਸੰਸਾਰ ਨੂੰ ਖ਼ਤਮ ਕਰਨਾ ਚਾਹੁੰਦੇ ਨੇ।’ ਹੁਣ ਨਿੱਕਾ ਭਾਲੂ ਬੋਲਿਆ, ‘ਹਾਂ ਗੋਗੋ ਰੋਬੋ ਆਲੋਕ ਬਾਕੀ ਧਰਤੀ ਵਾਸੀਆਂ ਵਰਗਾ ਨਹੀਂ, ਉਹ ਤੇ ਸਾਡਾ ਦੋਸਤ ਤੇ ਸਾਡੀ ਮਦਦ ਕਰਨਾ ਚਾਹੁੰਦਾ ਏ।’ ਗੋਗੋ ਰੋਬੋ ਨੇ ਜਾਣ ਲਿਆ ਸੀ ਕਿ ਜੇ ਉਹ ਆਲੋਕ ਨਿੱਕੇ ਭਾਲੂ ਅਤੇ ਕਾਟੋ ਦੀਆਂ ਮਨ ਤਰੰਗਾਂ ਵਚਿੱਤਰ ਜੀਵਾਂ ਨੂੰ ਪਹੁੰਚਾ ਦੇਵੇ ਤਾਂ ਉਨ੍ਹਾਂ ਦੀ ਦੁਸ਼ਮਣੀ ਖ਼ਤਮ ਹੋ ਸਕਦੀ ਹੈ। ਉਹ ਦੋਸਤ ਬਣ ਜਾਣਗੇ। ਗੋਗੋ ਰੋਬੋ ਨੇ ਇੰਜ ਹੀ ਕੀਤਾ।

ਹੁਣ ਆਲੋਕ ਦੇ ਮਨ ਵਿਚ ਚੱਲਣ ਵਾਲੀਆਂ ਸਾਰੀਆਂ ਗੱਲਾਂ ਅਜਨਬੀ ਜੀਵਾਂ ਨੂੰ ਸਮਝ ਆਉਣ ਲੱਗੀਆਂ। ਅਜਨਬੀ ਜੀਵਾਂ ਦੀਆਂ ਮਨ ਤਰੰਗਾਂ ਦੀ ਸਮਝ ਆਲੋਕ ਨੂੰ ਹੋਣ ਲੱਗੀ। ਕਾਟੋ ਅਤੇ ਨਿੱਕੇ ਭਾਲੂ ਦੀਆਂ ਗੱਲਾਂ ਵੀ ਬਾਕੀਆਂ ਨੂੰ ਸਮਝ ਆਉਣ ਲੱਗੀਆਂ।

ਮਘਦੀਆਂ ਅੱਖਾਂ ਵਾਲੇ ਅਜਨਬੀ ਜੀਵਾਂ ਵਿਚੋਂ ਇਕ ਤਾਦਾਰ ਵਾਂਗ ਦਿੱਸਣ ਵਾਲਾ ਜੀਵ ਅੱਗੇ ਆਇਆ ਤੇ ਆਲੋਕ ਨੂੰ ਕਹਿਣ ਲੱਗਾ,‘ਕੁਦਰਤ ਨੇ ਸਾਨੂੰ ਸਾਰਿਆਂ ਨੂੰ ਇਸ ਧਰਤੀ ’ਤੇ ਜੀਵਨ ਦਿੱਤਾ ਹੈ, ਪਰ ਮਨੁੱਖ ਸਿਰਫ਼ ਆਪਣੇ ਆਪ ਨੂੰ ਹੀ ਧਰਤੀ ਦਾ ਮਾਲਕ ਸਮਝਦਾ ਹੈ। ਬਾਕੀ ਜੀਵਾਂ ਨੂੰ ਮਾਰਨ ਲੱਗਿਆ ਉਹ ਇਕ ਪਲ ਵੀ ਨਹੀਂ ਸੋਚਦਾ ਕਿ ਉਹ ਜੀਵ ਹੱਤਿਆ ਕਰ ਰਿਹਾ ਹੈ। ਅੱਜ ਤੇਰੇ ਮਨ ਦੀਆਂ ਤਰੰਗਾਂ ਨੂੰ ਸਮਝਣ ਦਾ ਮੌਕਾ ਮਿਲਿਆ ਏ। ਖ਼ੁਸ਼ੀ ਹੋਈ ਕਿ ਧਰਤੀ ’ਤੇ ਰਹਿਣ ਵਾਲੇ ਬੱਚਿਆਂ ਦੇ ਮਨ ਵਿਚ ਦੂਸਰੇ ਜੀਵਾਂ ਲਈ ਪਿਆਰ ਹੈ। ਅਸੀਂ ਜਾਣ ਗਏ ਹਾਂ ਕਿ ਤੇਰੇ ਮਨ ਵਿਚ ਕੋਈ ਲਾਲਚ ਤੇ ਦੁਸ਼ਮਣੀ ਨਹੀਂ। ਤੂੰ ਕੁਦਰਤ ਨੂੰ ਪਿਆਰ ਕਰਨ ਵਾਲਾ ਧਰਤ ਵਾਸੀ ਏਂ। ਅਸੀਂ ਤੇਰੇ ਦੋਸਤ ਤੇਰੇ ਮਦਦਗਾਰ ਬਣਾਂਗੇ। ਨੀਲੀ ਝੀਲ ਤਕ ਤੈਨੂੰ ਅਸੀਂ ਲੈ ਕੇ ਜਾਵਾਂਗੇ।’ ਇਹ ਗੱਲ ਖ਼ਤਮ ਹੁੰਦਿਆਂ ਹੀ ਬਾਕੀ ਜੀਵਾਂ ਦੀ ਸ਼ੂਕ ਸੰਗੀਤ ਵਿਚ ਬਦਲ ਗਈ। ਅਦਭੁੱਤ ਜੀਵ ਨੇ ਕਿਹਾ, ‘ਆਓ ਨੀਲੀ ਝੀਲ ਵੱਲ ਚੱਲੀਏ।’ ਆਲੋਕ ਇਹ ਸੁਣ ਕੇ ਮੁਸਕਰਾ ਉਠਿਆ। ਉਹ ਤੁਰਨ ਹੀ ਲੱਗਾ ਸੀ ਕਿ ਉਸ ਨੂੰ ਗੋਮਤੀ ਅੰਮਾ ਦੀ ਯਾਦ ਆਈ। ਆਲੋਕ ਕਹਿਣ ਲੱਗਾ,‘ਗੋਮਤੀ ਅੰਮਾ ਤੇ ਡਾ. ਆਨੰਦ ਇਕ ਉੱਚੀ ਗੁਫ਼ਾ ਵਿਚ ਫਸੇ ਹੋਏ ਹਨ। ਉਨ੍ਹਾਂ ਤੋਂ ਬਗੈਰ ਮੈਂ ਅੱਗੇ ਨਹੀਂ ਜਾਵਾਂਗਾ।’

ਗੋਗੋ ਰੋਬੋ ਗੋਮਤੀ ਅੰਮਾ ਅਤੇ ਡਾ. ਆਨੰਦ ਨੂੰ ਵੀ ਮਿਲ ਚੁੱਕਾ ਸੀ। ਉਹ ਉਨ੍ਹਾਂ ਦੀਆਂ ਸਾਰੀਆਂ ਮਨ ਤਰੰਗਾਂ ਜਾਣਦਾ ਸੀ। ਗੋਗੋ ਰੋਬੋ ਨੇ ਉਨ੍ਹਾਂ ਦੀਆਂ ਮਨ ਤਰੰਗਾਂ ਵੀ ਅਦਭੁੱਤ ਜੀਵਾਂ ਤਕ ਪਹੁੰਚਾ ਦਿੱਤੀਆਂ। ਅਦਭੁੱਤ ਜੀਵ ਗੋਮਤੀ ਅੰਮਾ ਤੇ ਡਾ. ਆਨੰਦ ਦੀ ਮਦਦ ਕਰਨ ਲਈ ਵੀ ਰਜ਼ਾਮੰਦ ਹੋ ਗਏ।

ਜਗਦੀਆਂ ਮਘਦੀਆਂ ਅੱਖਾਂ ਵਾਲੇ ਬਾਕੀ ਜੀਵ ਹੌਲੀ ਹੌਲੀ ਪਿਛਾਂਹ ਪਰਤਣ ਲੱਗੇ। ਉਨ੍ਹਾਂ ਵਿਚੋਂ ਉੱਡਣ ਵਾਲੇ ਜੀਵਾਂ ਦਾ ਇਕ ਝੁੰਡ ਨਿੱਕੇ ਜਿਹੇ ਕਾਲੇ ਬੱਦਲ ਵਾਂਗ ਪਹਾੜਾਂ ਦੀ ਟੀਸੀ ਵੱਲ ਉੱਡਣ ਲੱਗ ਪਿਆ।

ਦੂਰ ਇਕ ਉੱਚੇ ਪਹਾੜ ਦੇ ਅੰਦਰ ਬਣੀ ਇਕ ਗੁਫ਼ਾ ਵਿਚ ਡਾ. ਆਨੰਦ ਤੇ ਗੋਮਤੀ ਅੰਮਾ ਬਾਹਰ ਨਿਕਲਣ ਦਾ ਰਾਹ ਤਲਾਸ਼ ਰਹੇ ਸਨ। ਏਸ ਗੁਫ਼ਾ ਵਿਚ ਡਾ.ਆਨੰਦ ਨੂੰ ਪ੍ਰਾਚੀਨ ਹੱਥ ਲਿਖਤ ਗ੍ਰੰਥ ਲੱਭੇ ਸਨ। ਲੱਗਦਾ ਸੀ ਇੱਥੇ ਕਈ ਦਹਾਕਿਆਂ ਤੋਂ ਕੋਈ ਨਹੀਂ ਸੀ ਆਇਆ। ਇਕ ਗ੍ਰੰਥ ਦੀ ਹਾਲਤ ਬਹੁਤ ਖ਼ਸਤਾ ਹੋ ਗਈ ਸੀ। ਉਸ ਦੇ ਪੰਨੇ ਫਟ ਕੇ ਮਿੱਟੀ ਵਿਚ ਖਿੰਡਰ ਗਏ ਸਨ। ਡਾ.ਆਨੰਦ ਨੇ ਬਹੁਤ ਧਿਆਨ ਨਾਲ ਹੌਲੀ ਹੌਲੀ ਉਨ੍ਹਾਂ ਪੰਨਿਆਂ ਨੂੰ ਮਿੱਟੀ ਵਿਚੋਂ ਕੱਢਿਆ ਤੇ ਗੋਮਤੀ ਅੰਮਾ ਨੇ ਇਕ ਇਕ ਕਰਕੇ ਉਨ੍ਹਾਂ ਨੂੰ ਕੱਪੜੇ ਵਿਚ ਵਲੇਟ ਲਿਆ ਸੀ।

ਡਾਕਟਰ ਆਨੰਦ ਇਸ ਗ੍ਰੰਥ ਨੂੰ ਵੇਖ ਕੇ ਕਹਿਣ ਲੱਗੇ, ‘ਮੈਂ ਸੀਸ ਝੁਕਾਉਂਦਾ ਹਾਂ ਉਨ੍ਹਾਂ ਰਿਸ਼ੀਆਂ ਮੁਨੀਆਂ ਤੇ ਜਗਿਆਸੂਆਂ ਨੂੰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗਿਆਨ ਨੂੰ ਅੱਖਰਾਂ ਵਿਚ ਉਤਾਰਨ ਵਿਚ ਬਿਤਾਈ। ਇਸ ਗਿਆਨ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਤਕ ਪਹੁੰਚਾਉਣਾ ਹੁਣ ਮੇਰੀ ਜ਼ਿੰਦਗੀ ਦਾ ਮਕਸਦ ਰਹੇਗਾ। ਮੈਂ ਇੱਥੇ ਫੇਰ ਆਵਾਂਗਾ ਇਹ ਗਿਆਨ ਭੰਡਾਰ ਮਿੱਟੀ ਵਿਚ ਰੁਲਣਾ ਨਹੀਂ ਚਾਹੀਦਾ।’ ਐਨ ਉਸੇ ਮੌਕੇ ਉੱਡਦੇ ਹੋਏ ਜੀਵਾਂ ਦਾ ਬੱਦਲ ਘੂੰ-ਘੂੰ ਕਰਦਾ ਗੋਮਤੀ ਅੰਮਾਂ ਦੇ ਦੁਆਲੇ ਘੁੰਮਣ ਲੱਗਾ। ਗੋਮਤੀ ਅੰਮਾ ਨੇ ਉੱਚੀ ਆਵਾਜ਼ ਦੇ ਕੇ ਕਿਹਾ,‘ਆਨੰਦ ਜੀ, ਗੁਫ਼ਾ ਦਾ ਰਾਹ ਮਿਲ ਗਿਆ, ਰਾਹ ਮਿਲ ਗਿਆ।’