ਨਵੀਂ ਦਿੱਲੀ, 25 ਅਕਤੂਬਰ

ਸੰਯੁਕਤ ਕਿਸਾਨ ਮੋਰਚੇ ਨੇ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ‘ਰਾਜ ਭਵਨ ਮਾਰਚ’ ਕੱਢਣ ਦਾ ਸੱਦਾ ਦਿੱਤਾ ਹੈ। ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 14 ਨਵੰਬਰ ਨੂੰ ਦਿੱਲੀ ਵਿਖੇ ਮੋਰਚੇ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਰਾਜ ਭਵਨ ਮਾਰਚ ਦਾ ਰਸਮੀ ਐਲਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਮੁਲਕ ਭਰ ਵਿੱਚ ਰਾਜਪਾਲਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮਾਰਚ ਦਾ ਸੱਦਾ ਦੇਣ ਦਾ ਫੈਸਲਾ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਅਤੇ ਡਰਾਫਟਿੰਗ ਕਮੇਟੀ ਦੀ ਆਨਲਾਈਨ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਕਿਸਾਨ ਆਗੂ ਹਨਨ ਮੌਲਾ, ਦਰਸ਼ਨ ਪਾਲ, ਯੁੱਧਵੀਰ ਸਿੰਘ, ਮੇਧਾ ਪਟਕਰ, ਰਾਜਾਰਾਮ ਸਿੰਘ, ਅਤੁਲ ਕੁਮਾਰ ਅੰਜਾਨ, ਸਤਿਆਵਾਨ, ਅਸ਼ੋਕ ਧਾਵਲੇ, ਅਵਿਕ ਸਾਹਾ ਆਦਿ ਨੇ ਹਿੱਸਾ ਲਿਆ।