ਨਵੀਂ ਦਿੱਲੀ, 17 ਜੁਲਾਈ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲੀਵੁੱਡ ਦੀ ਅਭਿਨੇਤਰੀ ਸੰਨੀ ਲਿਓਨ ’ਤੇ ਬਣ ਰਹੀ ਫਿਲਮ ਦੇ ਨਾਂ ਵਿੱਚ ‘ਕੌਰ’ ਸ਼ਬਦ ਦੀ ਵਰਤੋਂ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਕਮੇਟੀ ਵੱਲੋਂ ਫਿਲਮ ਨਿਰਮਾਤਾ ਸੁਭਾਸ਼ ਚੰਦਰਾ ਐਸ.ਐਲ. ਗਰੁੱਪ ਨੂੰ ਕਿਹਾ ਗਿਆ ਹੈ ਕਿ ਉਹ ਫਿਲਮ ਦੇ ਨਾਂ ਤੋਂ ‘ਕੌਰ’ ਸ਼ਬਦ ਨੂੰ ਹਟਾ ਲੈਣ ਨਹੀਂ ਤਾਂ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਨਤੀਜੇ ਭੁਗਤਣ ਲਈ ਤਿਆਰ ਰਹਿਣ, ਕਿਉਂ ਕਿ ਇਸ ਸ਼ਬਦ ਦੀ ਦਾਤ ਸਿੱਖ ਗੁਰੂਆਂ ਵੱਲੋਂ ਸਿੱਖ ਮਹਿਲਾਵਾਂ ਨੂੰ ਕੀਤੀ ਗਈ ਹੈ।
ਫਿਲਮ ਨਿਰਮਾਤਾ ਸੁਭਾਸ਼ ਚੰਦਰਾ ਨੂੰ ਲਿਖੇ ਇਸ ਪੱਤਰ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਕਰਨਜੀਤ ਕੌਰ- ਦਿ ਅਨਟੋਲਡ ਸਟੋਰੀ ਆਫ਼ ਸੰਨੀ ਲਿਓਨੀ’ ਨਾਂ ’ਤੇ ਸੰਨੀ ਲਿਓਨ ਦੇ ਜੀਵਨ ਨੂੰ ਦਰਸਾਉਂਦੀ ਇਕ ਫਿਲਮ ਬਣਾਉਣ ਦੇ ਲਏ ਗੲੈ ਫ਼ੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਉੱਤਰ ਭਾਰਤੀ ਹੁੰਦਿਆਂ ਅਤੇ ਪੰਜਾਬੀ ਜੀਵਨ ਸ਼ੈਲੀ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਉਨ੍ਹਾਂ ਨੇ ‘ਕੌਰ’ ਸ਼ਬਦ ਦੀ ਵਰਤੋਂ ਵਾਲੇ ਨਾਂ ਦੀ ਫਿਲਮ ਬਣਾਉਣ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ‘ਕੌਰ’ ਸ਼ਬਦ ਹਰੇਕ ਸਿੱਖ ਮਹਿਲਾ ਦੇ ਨਾਮ ਦੇ ਪਿੱਛੇ ਲੱਗਦਾ ਹੈ, ਜਿਸ ਨਾਲ ਉਸ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਵੱਖਰੀ ਪਛਾਣ ਹਾਸਿਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨਾਂ ਨੂੰ ਇਸ ਗੱਲ ’ਤੇ ਇਤਰਾਜ਼ ਨਹੀਂ ਹੈ ਕਿ ਸੰਨੀ ਲਿਓਨ ਨੇ ਕੀ ਧੰਦਾ ਅਪਣਾਇਆ ਹੈ ਅਤੇ ਉਸ ਦੇ ਜੀਵਨ ’ਤੇ ਫਿਲਮ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨੀ ਲਿਓਨ ਨੇ ਪ੍ਰਸਿੱਧੀ ਸੰਨੀ ਲਿਓਨੀ ਦੇ ਨਾਂ ’ਤੇ ਖੱਟੀ ਹੈ ਤਾਂ ਫਿਲਮ ਕਰਨਜੀਤ ਕੌਰ ਦੇ ਨਾਂ ’ਤੇ ਕਿਉਂ ਬਣਾਈ ਜਾ ਰਹੀ ਹੈ?
ਸ੍ਰੀ ਸਿਰਸਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਸਾਰੀ ਕਾਰਵਾਈ ਪਿੱਛੇ ਪਬਲੀਸਿਟੀ ਸਟੰਟ ਮੁੱਖ ਮੰਤਵ ਹੈ। ਉਨਾਂ ਕਿਹਾ ਦਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਵੀ ਜੈਕਲਿਨ ਫਰਨਾਂਡੇਸ ਵੱਲੋਂ ਕਿਰਪਾਨ ਪਾ ਕੇ ਗਾਉਣ ਦਾ ਵਿਰੋਧ ਕੀਤਾ ਸੀ, ਜਿਸ ਮਗਰੋਂ ਉਨ੍ਹਾਂ ਨੂੰ ਇਸ ਵਿੱਚ ਸੋਧ ਕਰਨੀ ਪਈ ਸੀ। ਇਸੇ ਤਰ੍ਹਾਂ ਤਾਰਕ ਮਹਿਤਾ ਦੇ ‘ਉਲਟਾ ਚਸ਼ਮਾ’ ਵਿੱਚ ਗੁਰੂ ਗੋਬਿੰਦ ਸਿੰਘ ਦਾ ਚਰਿੱਤਰ ਦਿਖਾਉਣ ਦਾ ਵੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਨੀ ਲਿਓਨ ਦੇ ਨਾਂ ’ਤੇ ਬਣ ਰਹੀ ਫਿਲਮ ਦੇ ਨਾਂ ਵਿੱਚ ‘ਕੌਰ’ ਸ਼ਬਦ ਦੀ ਵਰਤੋਂ ਦਾ ਦੇਸ਼- ਵਿਦੇਸ਼ ਵਿੱਚ ਬੈਠੇ ਸਿੱਖਾਂ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਇਹ ਪਬਲੀਸਿਟੀ ਸਟੰਟ ਜਾਪਦਾ ਹੈ। ਉਨ੍ਹਾਂ ਕਿਹਾ ਕਿ ਫਿਲਮ ਨਿਰਮਾਤਾ ਜੋ ਖੁਦ ਦੁਨੀਆਂ ਭਰ ਵਿੱਚ ਘੁੰਮਦੇ ਹਨ, ਨੂੰ ਇਸ ਫਿਲਮ ਦੇ ਨਾਂ ਲਈ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸੁਭਾਸ਼ ਚੰਦਰਾਾ ਨੂੰ ਅਪੀਲ ਕੀਤੀ ਕਿ ਜਾਂ ਤਾਂ ਉਹ ਫਿਲਮ ਰੋਕ ਦੇਣ ਜਾਂ ਫਿਰ ਉਸ ਦੇ ਨਾਂ ਪਿੱਛੋਂ ‘ਕੌਰ’ ਸ਼ਬਦ ਹਟਾ ਦੇਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਇਹ ਯਕੀਨੀ ਬਣਾਏਗੀ ਕਿ ਇਸ ਪਬਲੀਸਿਟੀ ਸਟੰਟ ਦਾ ਨਤੀਜਾ ਆਪ ਦੇ ਦਫ਼ਤਰ ਤੱਕ ਪਹੁੰਚੇ ਅਤੇ ਉਹ ਇਸ ਵਿਰੁੱਧ ਰੋਸ ਦਿਖਾਵਾ ਕਰਨ ਤੋਂ ਵੀ ਪ੍ਰਹੇਜ਼ ਨਹੀਂ ਕਰਨਗੇ।