ਸੰਗਰੂਰ, 10 ਦਸੰਬਰ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਥਲੈਟਿਕਸ (ਅੰਡਰ14, 17 ਤੇ 19) ਲੜਕੇ ਤੇ ਲੜਕੀਆਂ ਦਾ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਕੀਤਾ ਗਿਆ। ਉਨ੍ਹਾਂ ਇਸ ਤਿੰਨ ਰੋਜ਼ਾ ਖੇਡ ਮਹਾਕੁੰਭ ਵਿੱਚ ਰਾਜ ਭਰ ਤੋਂ ਹਿੱਸਾ ਲੈਣ ਪੁੱਜੇ ਖਿਡਾਰੀਆਂ ਨੂੰ ਨੇੜਲੇ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਤੋਂ ਪਹਿਲਾਂ ਸ੍ਰੀ ਚੀਮਾ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਖਿਡਾਰੀਆਂ ਵਲੋਂ ਖੇਡਾਂ ਦੀ ਮਸ਼ਾਲ ਜਗਾਈ ਗਈ ਅਤੇ ਖਿਡਾਰੀਆਂ ਨੇ ਸੱਚੀ ਖੇਡ ਭਾਵਨਾ, ਇਮਾਨਦਾਰੀ ਅਤੇ ਮਿਲਵਰਤਨ ਨਾਲ ਖੇਡਾਂ ਖੇਡਣ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ। ਇਸ ਮੌਕੇ ਚੀਮਾ ਨੇ 1500 ਮੀਟਰ ਦੌੜ ਵਿੱਚ ਜੇਤੂ ਹਰਪ੍ਰੀਤ ਕੌਰ ਮਾਨਸਾ ਨੂੰ ਪਹਿਲਾ, ਇੰਦਰਜੀਤ ਕੌਰ ਨਵਾਂਸ਼ਹਿਰ ਨੂੰ ਦੂਜੇ ਅਤੇ ਰਾਜਵਿੰਦਰ ਕੌਰ ਤਰਨਤਾਰਨ ਨੂੰ ਤੀਜੇ ਸਥਾਨ ’ਤੇ ਆਉਣ ਲਈ ਤਮਗਿਆਂ ਨਾਲ ਸਨਮਾਨਿਤ ਕੀਤਾ। ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਮੌਕੇ ਏਡੀਸੀ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਡੀਈਓ ਸੰਜੀਵ ਸ਼ਰਮਾ, ਡਿਪਟੀ ਡੀਈਓ ਅੰਗਰੇਜ਼ ਸਿੰਘ, ਡੀਐੱਮ ਖੇਡਾਂ ਵਰਿੰਦਰ ਸਿੰਘ, ਪ੍ਰਿੰਸੀਪਲ ਸ੍ਰੀਮਤੀ ਇੰਦੂ ਸਿਮਕ ਤੇ ਪ੍ਰਿੰਸੀਪਲ ਦੀਪਕ ਘਰਾਚੋਂ ਮੌਜੂਦ ਸਨ।