ਨਵੀਂ ਦਿੱਲੀ:ਭਾਰਤ ਦੇ ਤਜਰਬੇਕਾਰ ਹਾਕੀ ਗੋਲੀਕੀਪਰ ਪੀਆਰ ਸ੍ਰੀਜੇਸ਼ ਨੇ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਅੱਜ ਵਿਸ਼ਵ ਖੇਡਾਂ ਦੇ ਸਭ ਤੋਂ ਵਧੀਆ ਅਥਲੀਟ ਦਾ ਪੁਰਸਕਾਰ ਜਿੱਤਿਆ ਹੈ। ਉਹ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲਾ ਸਿਰਫ਼ ਦੂਜਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ 2020 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ 2019 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਹ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਸੀ। ਸ੍ਰੀਜੇਸ਼ ਨੇ ਸਪੇਨ ਦੇ ਸਪੋਰਟ ਕਲਾਈਂਬਰ ਐਲਬਰਟੋ ਗਿਨੇਜ਼ ਲੋਪੇਜ਼ ਅਤੇ ਇਟਲੀ ਦੇ ਵੁਸ਼ੂ ਖਿਡਾਰੀ ਮਾਈਕਲ ਗਿਓਰਡਾਨੋ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਸ੍ਰੀਜੇਸ਼ ਨੇ ਬਿਆਨ ਵਿਚ ਕਿਹਾ, ‘‘ਮੈਂ ਇਹ ਪੁਰਸਕਾਰ ਜਿੱਤ ਕੇ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਇਸ ਪੁਰਸਕਾਰ ਲਈ ਮੈਨੂੰ ਨਾਮਜ਼ਦ ਕਰਨ ਵਾਸਤੇ ਐੱਫਆਈਐੱਚ ਦਾ ਧੰਨਵਾਦ। ਦੂਜਾ, ਭਾਰਤੀ ਹਾਕੀ ਦੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੋਟਾਂ ਦਿੱਤੀਆਂ।’’ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਸ੍ਰੀਜੇਸ਼ ਟੋਕੀਓ ਓਲੰਪਿਕ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਸੀ। ਉਸ ਨੂੰ 1,27,647 ਵੋਟਾਂ ਮਿਲੀਆਂ। ਲੋਪੇਜ਼ ਅਤੇ ਗਿਓਰਡਾਨੋ ਨੂੰ ਕ੍ਰਮਵਾਰ 67,428 ਅਤੇ 52,046 ਵੋਟਾਂ ਮਿਲੀਆਂ। ਸ੍ਰੀਜੇਸ਼ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲਾ ਇਕਮਾਤਰ ਭਾਰਤੀ ਸੀ। ਉਸ ਦੇ ਨਾਮ ਦੀ ਸਿਫ਼ਾਰਿਸ਼ ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਕੀਤੀ ਸੀ। ਅਕਤੂਬਰ ਵਿਚ ਐੱਫਆਈਐੱਚ ਸਟਾਰਜ਼ ਪੁਰਸਕਾਰ ਵਿਚ ਸ੍ਰੀਜੇਸ਼ ਨੂੰ 2021 ਲਈ ਸਾਲ ਦਾ ਸਭ ਤੋਂ ਵਧੀਆ ਗੋਲਕੀਪਰ ਚੁਣਿਆ ਗਿਆ ਸੀ।