ਮੁੰਬਈ:ਅਦਾਕਾਰਾ ਸੋਨਮ ਕਪੂਰ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ। 2018 ਵਿੱਚ ਕਾਰੋਬਾਰੀ ਆਨੰਦ ਆਹੂਜਾ ਨਾਲ ਉਸ ਦਾ ਵਿਆਹ ਹੋਇਆ ਸੀ। ‘ਨੀਰਜਾ’, ‘ਰਾਂਝਣਾ’ ਤੇ ‘ਦਿੱਲੀ 6’ ਵਰਗੀਆਂ ਫਿਲਮਾਂ ਲਈ ਮਸ਼ਹੂਰ 36 ਸਾਲਾ ਸੋਨਮ ਨੇ ਪਤੀ ਆਨੰਦ ਆਹੂਜਾ ਨਾਲ ਇੰਸਟਾਗ੍ਰਾਮ ’ਤੇ ਆਪਣੀਆਂ ਕੁੁਝ ਤਸਵੀਰਾਂ ਸਾਂਝੀਆਂ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਸੋਨਮ ਦੇ ਘਰ ਨੰਨ੍ਹਾ ਮਹਿਮਾਨ ਆਵੇਗਾ। ਇੰਸਟਾਗ੍ਰਾਮ ’ਤੇ ਉਸ ਨੇ ਲਿਖਿਆ, ‘‘ਚਾਰ ਹੱਥ, ਤੈਨੂੰ ਪਾਲਣ-ਪੋਸ਼ਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੋ ਦਿਲ, ਜੋ ਹਰ ਕਦਮ ’ਤੇ ਤੇਰੇ ਨਾਲ ਧੜਕਣਗੇ। ਇੱਕ ਪਰਿਵਾਰ, ਜੋ ਤੈਨੂੰ ਪਿਆਰ ਕਰੇਗਾ ਤੇ ਸਾਥ ਦੇਵੇਗਾ। ਅਸੀਂ ਤੇਰਾ ਸਵਾਗਤ ਕਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।’’ ਸੋਨਮ ਆਖਰੀ ਵਾਰ 2019 ਵਿੱਚ ਰਿਲੀਜ਼ ਹੋਈ ਫਿਲਮ ‘ਦਿ ਜ਼ੋਇਆ ਫੈਕਟਰ’ ਵਿੱਚ ਨਜ਼ਰ ਆਈ ਸੀ ਅਤੇ ਆਉਂਦੇ ਸਮੇਂ ’ਚ ਉਹ ਫਿਲਮਸਾਜ਼ ਸੁਜੌਏ ਘੋਸ਼ ਦੀ ਫਿਲਮ ‘ਬਲਾਈਂਡ’ ਵਿੱਚ ਦਿਖਾਈ ਦੇਵੇਗੀ।