ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ): ਸੈਂਡਲਵੁੱਡ ਸੀਨੀਅਰ ਕਲੱਬ ਦੇ ਬਜ਼ੁਰਗਾਂ ਨੇ ਬੀਤੇ ਸ਼ਨਿਚਰਵਾਰ ਰੱਲ ਮਿਲ ਕੇ ਇਸ ਨਵੀਂ ਧਰਤੀ ਤੇ ਅਪਣੇ ਦੇਸ਼ ਕਨੇਡਾ ਦਾ ਦਿਵਸ, ‘ਕਨੇਡਾ ਡੇ’ ਮੰਨਾਇਆ। ਉਨ੍ਹਾਂ ਇਸ ਦਿਨ ਜਿਥੇ ਕਨੇਡਾ ਅਤੇ ਅਪਣੇ ਸ਼ਹਿਰ ਬਰੈਂਪਟਨ ਦੇ ਇਤਿਹਾਸ ਤੇ ਝਾਤ ਮਾਰੀ, ਨਾਲ ਹੀ ਵਧੀਆ ਚਾਹ ਪਾਣੀ ਦਾ ਆਨੰਦ ਵੀ ਮਾਣਿਆਂ। ਇਲਾਕੇ ਦੇ ਮੈਂਬਰ ਪ੍ਰੋਵਿੰਸੀਅਲ ਪਾਰਲੀਮੈਂਟ ਅਮਰਜੋਤ ਸੰਧੂ ਅਤੇ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ ਇਸ ਪ੍ਰੋਗਰਾਮ ਵਿਚ ਖਾਸ ਤੌਰ ਤੇ ਸ਼ਿਰਕਤ ਕੀਤੀ।
ਕਲੱਬ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੇ ਬਰੈਂਪਟਨ ਸ਼ਹਿਰ ਦੇ ਇਤਿਹਾਸ ਦੇ ਝਾਤੀ ਮਾਰਦਿਆਂ ਦੱਸਿਆ ਕਿ ਪਹਿਲਾਂ ਪਹਿਲ 1829 ਅਤੇ 1831 ਵਿਚ ਇੰਗਲੈਂਡ ਵਿਚਲੇ ਅਪਣੇ ਸ਼ਹਿਰ ਬਰੈਂਪਟਨ ਤੋਂ ਜੌਹਨ ਇਲੀਅਟ ਅਤੇ ਵਿਲੀਅਮ ਲਾਅਸਨ ਆ ਕੇ ਇਥੇ ਵਸੇ ਅਤੇ ਸ਼ਹਿਰ ਨੂੰ ਅਪਣੇ ਪੁਰਾਣੇ ਸ਼ਹਿਰ ਦਾ ਨਾ ਦਿੱਤਾ। ਇਹ ਥਾਂ ਬੱਫੀ ਨੁੱਕਰ ਦੇ ਨਾ ਨਾਲ ਜਾਣਿਆਂ ਜਾਂਦਾ ਸੀ ਅਤੇ ਮੁੱਖ ਤੌਰ ਤੇ ਖੇਤੀ ਪ੍ਰਧਾਨ ਸੀ। ਇਸ ਸਮੇਂ ਇਸ ਦੇ 18 ਵਸਨੀਕ ਸਨ। 1848 ਵਿਚ ਇਸ ਇਲਾਕੇ ਦੀ ਯੋਜਨਾ ਤਿਆਰ ਕੀਤੀ ਗਈ ਅਤੇ ਕਨੇਡਾ ਦੇ ਅੱਜ ਤੋਂ 154 ਸਾਲ ਪਹਿਲਾਂ ਦੇਸ਼ ਬਣਨ ਸਮੇਂ ਇਥੇ ਕੁਝ ਘਰ, ਕਾਰਖਾਨੇ ਸਟੋਰ ਅਤੇ ਹੋਰ ਦਫਤਰ ਬਣ ਚੁੱਕੇ ਸਨ। ਜਦ ਇਥੇ 1000 ਦੀ ਅਬਾਦੀ ਹੋ ਗਈ ਤਾਂ 1853 ਵਿਚ ਪਹਿਲੀ ਕੌਂਸਲ ਬਣੀ ਅਤੇ 1856 ਵਿਚ ਰੇਲ ਲਾਈਨ ਆਈ, ਸਕੂਲ ਬਣਿਆਂ ਅਤੇ ਫਾਇਰ ਬਰਗੇਡ ਦੀ ਸੇਵਾ ਸ਼ੁਰੂ ਹੋ ਗਈ। 1863 ਤੱਕ ਇਸ ਥਾਂ ਬਣੇ ਵੱਡੇ ਗਰੀਨ ਹਾਊਸਾਂ ਵਿਚ ਉਗਾਏ ਫੁੱਲ ਬਾਹਰ ਭੇਜੇ ਜਾਣ ਲੱਗੇ, ਜਿਸ ਕਾਰਨ ਇਸ ਨੂੰ ਫੁੱਲਾਂ ਦਾ ਸ਼ਹਿਰ ਕਿਹਾ ਜਾਣ ਲੱਗਾ।
ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਸਾਰੇ ਆਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਵਲੋਂ ਬਜ਼ੁਰਗਾਂ ਦੇ ਮੰਨੋਰੰਜਨ ਲਈ ਕੀਤੇ ਜਾਂਦੇ ਵੱਖ ਵੱਖ ਪ੍ਰੋਗਰਾਮਾ ਬਾਰੇ ਦੱਸਿਆ। ਐਮ ਪੀ ਪੀ ਅਮਰਜੋਤ ਸੰਧੂ ਅਤੇ ਐਮ ਪੀ ਕਮਲ ਖੈਹਰਾ ਨੇ ਮੈਂਬਰਾਂ ਵਲੋਂ ਕੋਵਿਡ ਦੇ ਕਹਿਰ, ਬਰੈਂਪਟਨ ਵਿਚ ਕਾਰਾਂ ਦੇ ਬੀਮੇ ਦੇ ਵੱਧ ਰੇਟ, ਬੁਢੇਪਾ ਘਰਾਂ ਵਿਚ ਲੋੜੀਂਦੇ ਪ੍ਰਬੰਧਾਂ ਦੀ ਘਾਟ ਅਤੇ ਸਿਹਤ ਸੇਵਾਵਾਂ ਸਬੰਧੀ ਉਠਾਏ ਗਏ ਸੁਆਲਾਂ ਦੇ ਜੁਆਬ ਦਿੱਤੇ। ਇਸ ਮੌਕੇ ਕਲੱਬ ਵਲੋਂ ਐਮ ਪੀ ਪੀ ਅਮਰਜੋਤ ਸੰਧੂ, ਐਮ ਪੀ ਕਮਲ ਖੈਹਰਾ ਅਤੇ ਡਾ ਬਲਜਿੰਦਰ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆ ਅਤੇ ਪਲੈਕ ਦਿੱਤੇ ਗਏ। ਪ੍ਰੋਗਰਾਮ ਦੀ ਸਟੇਜ ਦੀ ਜਿਮੇਵਾਰੀ ਜਨਰਲ ਸਕੱਤਰ ਅਵਿਨਾਸ਼ ਭਾਰਦਵਾਜ ਨੇ ਬਾਖੂਬੀ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਮੀਤ ਪ੍ਰਧਾਨ ਸ: ਹਰਕੋਮਲ ਸਿੰਘ ਧਾਲੀਵਾਲ, ਜੋਇਟ ਸਕੱਤਰ ਸ: ਦਰਸ਼ਨ ਸਿੰਘ ਦਰਾੜ ਤੇ ਖਜ਼ਾਨਚੀ ਸ: ਮਹਿਮਾਂ ਸਿੰਘ ਧਾਲੀਵਾਲ ਦਾ ਵਧੀਆ ਯੋਗਦਾਨ ਰਿਹਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਜੋਸਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।