ਓਟਵਾ, 6 ਮਾਰਚ : ਸੀਐਨ ਰੇਲ ਨਾਲ ਕਾਂਟਰੈਕਟ ਸਬੰਧੀ ਗੱਲਬਾਤ ਕਰ ਰਹੀਆਂ ਦੋ ਯੂਨੀਅਨਾਂ ਵੱਲੋਂ ਹੜਤਾਲ ਦੇ ਪੱਖ ਵਿੱਚ ਵੋਟ ਪਾਈ ਗਈ ਹੈ।
ਪਿਛਲੇ ਮਹੀਨੇ ਰੇਲਵੇਅ ਨਾਲ ਕਾਂਟਰੈਕਟ ਸਬੰਧੀ ਗੱਲਬਾਤ ਟੁੱਟਣ ਤੋਂ ਬਾਅਦ ਯੂਨੀਫੌਰ ਲੋਕਲ 100 ਤੇ ਯੂਨੀਫਰ ਕਾਊਂਸਲ 4000 ਵੱਲੋਂ ਹੜਤਾਲ ਦੇ ਪੱਖ ਵਿੱਚ ਕ੍ਰਮਵਾਰ 98 ਫੀ ਸਦੀ ਤੇ 97 ਫੀ ਸਦੀ ਵੋਟ ਪਾਈ ਗਈ। 3000 ਕਾਮਿਆਂ ਦੀ ਅਗਵਾਈ ਕਰਨ ਵਾਲੀਆਂ ਇਨ੍ਹਾਂ ਯੂਨੀਅਨਜ਼ ਨਾਲ ਕਾਂਟਰੈਕਟ ਸਬੰਧੀ ਰੇਲਵੇ ਦੀ ਗੱਲਬਾਤ ਪਿਛਲੇ ਸਾਲ ਦੇ ਅੰਤ ਵਿੱਚ ਟੁੱਟੀ। ਯੂਨੀਫੌਰ ਨੇ ਦੱਸਿਆ ਕਿ ਸੀਐਨ ਨਾਲ ਪਿਛਲੇ ਸਾਲ ਅਕਤੂਬਰ 2022 ਤੋਂ ਉਸ ਦੇ ਗੱਲਬਾਤ ਸਬੰਧੀ ਪੰਜ ਸੈਸ਼ਨ ਹੋਏ।
ਯੂਨੀਫੌਰ ਦੇ ਅਸਿਸਟੈਂਟ ਟੂ ਦ ਨੈਸ਼ਨਲ ਆਫੀਸਰਜ਼ ਬਰੂਸ ਸਨੋਅ ਨੇ ਆਖਿਆ ਕਿ ਹੁਣ ਦੋਵੇਂ ਧਿਰਾਂ 13 ਮਾਰਚ ਨੂੰ ਮਾਂਟਰੀਅਲ ਵਿੱਚ ਇਸ ਸਬੰਧ ਵਿੱਚ ਗੱਲਬਾਤ ਕਰਨਗੀਆਂ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਨੂੰ ਆਸ ਹੈ ਕਿ ਉਸ ਦਿਨ ਨਵੀਂ ਡੀਲ ਸਿਰੇ ਚੜ੍ਹ ਜਾਵੇਗੀ ਨਹੀਂ ਤਾਂ ਹੜਤਾਲ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਬਚੇਗਾ।