ਮਾਨਸਾ, 9 ਜੂਨ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਪੁਲੀਸ ਵੱਲੋਂ ਕੇਸ਼ਵ ਅਤੇ ਚੇਤਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਪੁਲੀਸ ਦੇ ਹੱਥ ਬਠਿੰਡਾ ਤੋਂ ਲੱਗੇ ਹਨ। ਪੁਲੀਸ ਨੇ ਦੋ ਦਿਨਾਂ ਤੋਂ ਕੇਸ਼ਵ ਦੇ ਬਠਿੰਡਾ ਸਥਿਤ ਘਰ ਵਿੱਚ ਛਾਪੇਮਾਰੀ ਕਰ ਰਹੀ ਸੀ ਪਰ ਉਹ ਘਰ ਨਹੀਂ ਸੀ ਮਿਲਦਾ। ਉਸ ਦੀ ਮਾਤਾ ਅਤੇ ਭੈਣ ਨੇ ਪੁਲੀਸ ਕੋਲ ਮੰਨਿਆ ਸੀ ਕਿ ਉਹ 24 ਮਈ ਤੋਂ ਘਰ ਨਹੀਂ ਆਇਆ ਹੈ ਅਤੇ ਉਸ ਦਾ ਅੱਜ ਕੱਲ੍ਹ ਘਰਦਿਆਂ ਨਾਲ ਕੋਈ ਵੀ ਰਿਸ਼ਤਾ ਅਤੇ ਰਾਬਤਾ ਨਹੀਂ ਹੈ। ਭਾਵੇਂ ਪੁਲੀਸ ਦੇ ਕਿਸੇ ਉੱਚ ਅਧਿਕਾਰੀ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੀ ਖੁੱਲ੍ਹ ਕੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੇਸ਼ਵ ਉਤੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਅਤੇ ਹਮਲੇ ਵਿਚ ਵਰਤੀ ਗਈ ਗੱਡੀ ਦੇਣ ਦੋਸ਼ ਲੱਗੇ ਹਨ। ਕਾਤਲਾਂ ਨੂੰ ਹਥਿਆਰ ਅੰਮ੍ਰਿਤਸਰ ਤੋਂ ਲਿਆਕੇ ਦਿੱਤੇ ਦੱਸੇ ਗਏ ਹਨ। ਸਿੱਧੂ ਮੂਸੇਵਾਲਾ ‌ਦੇ ਕ਼ਤਲ ਵਾਲੇ 29 ਮਈ ਸੰਦੀਪ ਕੇਕੜਾ ਦੇ ਨਾਲ ਹੀ ਕੇਸ਼ਵ ਵੀ ਸੀਸੀਟੀਵੀ ਕੈਮਰਿਆਂ ਰਾਹੀ ਵੇਖਿਆ ਗਿਆ ਸੀ ਅਤੇ ਕੇਕੜਾ ਦੀ ਗਿ੍ਫਤਾਰੀ ਤੋਂ ਬਾਅਦ ਹੀ ਕੇਸ਼ਵ ਦਾ ਨਾਂ ਸਾਹਮਣੇ ਆਇਆ ਹੈ ਅਤੇ ਇਸ ਦੇ ਨਾਲ ਹੀ ਹੁਣ ਚੇਤਨ ਵੀ ਵਿਚ ਜੁੜ ਗਿਆ ਹੈ। ਉਧਰ ਇਸ ਕਤਲ ਮਾਮਲੇ ਲਈ ਬਣਾਈ ਗਈ ਸਿਟ ਦੀ ਹੁਣ ਤੱਕ ਫ਼ੜੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਜਾਂਚ ਕਰ ਰਹੀ ਹੈ।