ਪਟਿਆਲਾ, ਇੱਥੋਂ ਦੇ ਟੌਹੜਾ ਇੰਸਟੀਚਿਊਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਦੀ ਬੈਠਕ ਹੋਈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਅਧੀਨ ਚੱਲ ਰਹੇ ਧਾਰਮਿਕ ਅਦਾਰਿਆਂ, ਮਿਸ਼ਨਰੀ ਕਾਲਜ, ਅਕੈਡਮੀਆਂ ਅਤੇ ਇੰਸਟੀਚਿਊਟਾਂ ’ਚ ਕੋਰਸ ਕਰ ਰਹੇ ਸਿਖਿਆਰਥੀਆਂ ਨੂੰ ਨੌਕਰੀਆਂ ਵਿੱਚ ਪਹਿਲ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ| ਇਸ ਦੌਰਾਨ ਲਈ ‘ਗਾਵਹੁ ਸਚੀ ਬਾਣੀ ਸੀਜ਼ਨ-2’ ਕਰਵਾਉਣ ਤੋਂ ਇਲਾਵਾ ਹੋਰ ਅਹਿਮ ਫ਼ੈਸਲਿਆਂ ’ਤੇ ਮੋਹਰ ਲਾਈ ਗਈ।
ਬੈਠਕ ਵਿੱਚ ਲਏ ਫ਼ੈਸਲਿਆਂ ਬਾਰੇ ਪ੍ਰੋ. ਬਡੂੰਗਰ ਨੇ ਦੱਸਿਆ ਕਿ ਛੱਤੀਸਗੜ੍ਹ ਰਾਏਪੁਰ ਵਿੱਚ 80 ਸਿਕਲੀਗਰ ਬੱਚਿਆਂ ਦੀਆਂ ਫੀਸਾਂ ਲਈ ਦੋ ਲੱਖ 34 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ| ਇਸ ਤੋਂ ਇਲਾਵਾ ਗੁਰਦੁਆਰਾ ਪੰਜ ਪਿਆਰੇ (ਬਿਹਾਰ), ਗੁਰਦੁਆਰਾ ਸਿੰਘ ਸਭਾ ਸ਼ਿੰਗਾਨਾ (ਮੱਧ ਪ੍ਰਦੇਸ਼), ਗੁਰਦੁਆਰਾ ਭਗਵਾਨਪੁਰਾ (ਮੱਧ ਪ੍ਰਦੇਸ਼), ਗੁਰਦੁਆਰਾ ਭੱਦਰੀ (ਮੱਧ ਪ੍ਰਦੇਸ਼) ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਸਿੱਖ ਸਿਕਲੀਗਰ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਮਸਲਿਆਂ ਨੂੰ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ।
ਇਸ ਤਹਿਤ ਜਲੰਧਰ ਦੇ 45 ਸਿੱਖ ਸਿਕਲੀਗਰ ਪਰਿਵਾਰਾਂ ਨੂੰ ਦਸ-ਦਸ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ| ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰੂ ਨਾਨਕ ਨਗਰ ਵਿਜੈਵਾੜਾ ਵਿਖੇ ਸਿੱਖ ਸਿਕਲੀਗਰਾਂ ਅਤੇ ਵਣਜਾਰਿਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ‘ਗਾਵਹੁ ਸਚੀ ਬਾਣੀ ਸੀਜ਼ਨ-1’ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਸ ਲੜੀ ਨੂੰ ਅਗਾਂਹ ਤੋਰਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਵੱਲ ਤੋਰਿਆ ਜਾ ਸਕੇ।
ਪ੍ਰੋ. ਬਡੂੰਗਰ ਹਸਪਤਾਲ ਦਾਖ਼ਲ
ਬੈਠਕ ਮਗਰੋਂ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਤੇਜ਼ ਬੁਖਾਰ ਹੋ ਗਿਆ, ਜਿਸ ਕਰਕੇ ਬਾਅਦ ਦੁਪਹਿਰ ਉਨ੍ਹਾਂ ਨੂੰ ਸਦਭਾਵਨਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ| ਪ੍ਰੋ. ਬਡੂੰਗਰ ਦੇ ਨਿੱਜੀ ਸਕੱਤਰ ਭਗਵੰਤ ਸਿੰਘ ਧੰਗੇੜਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇਲਾਜ ਹਸਪਤਾਲ ਦੇ ਐਮਡੀ ਡਾ. ਸੁਧੀਰ ਵਰਮਾ ਖ਼ੁਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਪ੍ਰੋ. ਬਡੂੰਗਰ ਨੂੰ ਛਾਤੀ ’ਚ ਇਨਫੈਕਸ਼ਨ ਅਤੇ ਪਿੱਠ ’ਚ ਦਰਦ ਦੀ ਸ਼ਿਕਾਇਤ ਸੀ। ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।