ਮੁੰਬਈ:ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’ ਵਿੱਚ ਨਜ਼ਰ ਆਵੇਗੀ। ਇਸ ਗੱਲ ਦੀ ਪੁਸ਼ਟੀ ਅੱਜ ਇਥੇ ਰੋਹਿਤ ਸ਼ੈੱਟੀ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਸਾਲ 2019 ਵਿੱਚ ਆਈ ਫਿਲਮ ‘ਚੇਨੱਈ ਐਕਸਪ੍ਰੈੱਸ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਹਾਲ ਹੀ ਵਿੱਚ ਅਦਾਕਾਰ ਰਣਵੀਰ ਸਿੰਘ ਨਾਲ ਰੋਹਿਤ ਸ਼ੈੱਟੀ ਦੀ ਫਿਲਮ ‘ਸਰਕਸ’ ਵਿੱਚ ਵੀ ਦੀਪਿਕਾ ਨੇ ਗੀਤ ‘ਕਰੰਟ ਲਗਾ’ ਵਿੱਚ ਕੰਮ ਕੀਤਾ ਹੈ। ‘ਸਿੰਘਮ ਅਗੇਨ’ ਵਿੱਚ ਦੀਪਿਕਾ ਤੇ ਰਣਵੀਰ ਦੋਵੇਂ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾ ਨੇ ਕਿਹਾ, ਸਾਰੇ ਮੇਰੇ ਤੋਂ ਪੁੱਛ ਰਹੇ ਸਨ ਕਿ ਮੈਂ ‘ਲੇਡੀ ਸਿੰਘਮ’ ਦੇ ਨਾਂ ਦਾ ਐਲਾਨ ਕਰਾਂਗਾ। ਫਿਲਹਾਲ ਫਿਲਮ ‘ਸਿੰਘਮ ਅਗੇਨ’ ਵਿੱਚ ਲੇਡੀ ਸਿੰਘਮ ਦੇ ਕਿਰਦਾਰ ਵਿੱਚ ਦੀਪਿਕਾ ਪਾਦੂਕੋਨ ਨਜ਼ਰ ਆਵੇਗੀ। ਮੇਰੀ ਇਸ ਫ਼ਿਲਮ ਵਿੱਚ ਦੀਪਿਕਾ ਜ਼ੋਰਦਾਰ ਧਮਾਕਾ ਕਰੇਗੀ।’ ਰਣਵੀਰ ਸਿੰਘ ਨੇ ਕਿਹਾ, ‘ਅਸਲ ਜ਼ਿੰਦਗੀ ਦੀ ਪਾਰਟਨਰ ਨਾਲ ਫ਼ਿਲਮ ਵਿੱਚ ਕੰਮ ਕਰਕੇ ਬਹੁਤ ਮਜ਼ਾ ਆਵੇਗਾ। ਜਦੋਂ ਅਸੀਂ ਸੈੱਟ ’ਤੇ ਇਕੱਠੇ ਹੁੰਦੇ ਹਾਂ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਤੁਹਾਡੇ ਲਈ ਉਹ ਪਲ ਬਹੁਤ ਖ਼ਾਸ ਹੁੰਦੇ ਹਨ, ਜਦੋਂ ਤੁਹਾਡਾ ਸਹਿ-ਕਲਾਕਾਰ ਕੋਈ ਅਜਿਹਾ ਹੁੰਦਾ ਹੈ, ਜਿਸ ’ਤੇ ਤੁਸੀਂ ਭਰੋਸਾ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡਾ ਪਾਰਟਨਰ ਹਰ ਹੀਲੇ ਤੁਹਾਡਾ ਸਾਥ ਦੇਵੇਗਾ।’ ਜ਼ਿਕਰਯੋਗ ਹੈ ਕਿ ਇਹ ਫਿਲਮ ਅਗਲੇ ਸਾਲ ਦਸੰਬਰ ਮਹੀਨੇ ਰਿਲੀਜ਼ ਕੀਤੀ ਜਾਵੇਗੀ।