ਸਿੰਗਾਪੁਰ:ਮਿਥੁਨ ਮੰਜੂਨਾਥ ਅਤੇ ਅਸ਼ਮਿਤਾ ਚਾਲੀਹਾ ਸਮੇਤ ਭਾਰਤ ਦੇ ਪੰਜ  ਬੈਡਮਿੰਟਨ ਖਿਡਾਰੀ ਅੱਜ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਦਿਨ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਮੰਜੂਨਾਥ ਨੇ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੇ ਹੀ ਕਿਦਾਂਬੀ ਸ੍ਰੀਕਾਂਤ ਨੂੰ 21-17, 15-21, 21-18 ਨਾਲ, ਅਸ਼ਮਿਤਾ ਨੇ ਥਾਈਲੈਂਡ ਦੀ ਬੁਸਾਨਨ ਨੂੰ 21-17, 15-21, 21-18, ਪੀਵੀ ਸਿੰਧੂ ਨੇ ਬੈਲਜੀਅਮ ਦੀ ਲਿਆਨੇ ਟੈਨ ਨੂੰ 21-15, 21-11 ਜਦਕਿ ਪ੍ਰਣਯ ਨੇ ਥਾਈਲੈਂਡ ਦੇ ਸਿਟਿਕੋਮ ਥਾਮਾਸਿਨ ਨੂੰ 21-13, 21-16 ਨਾਲ ਹਰਾਇਆ। ਇਸੇ ਤਰ੍ਹਾਂ ਸਾਇਨਾ ਨੇਹਵਾਲ ਵੀ ਭਾਰਤ ਦੀ ਹੀ ਮਾਲਵਿਕਾ ਬੰਸੋਦ ਨੂੰ ਹਰਾ ਕੇ ਅਗਲੇ ਗੇੜ ਵਿੱਚ ਪਹੁੰਚ ਗਈ ਹੈ। ਉਸ ਨੇ ਮਾਲਵਿਕਾ ਨੂੰ 21-18, 21-14 ਨਾਲ ਹਰਾਇਆ।