ਬਹੁਤ ਸਮਾਂ ਪਹਿਲਾਂ ਜਦੋਂ ਆਦਮ-ਜਾਤ ਤੇ ਪਸ਼ੂ-ਪੰਛੀ ਇਕ ਦੂਜੇ ਦੀ ਬੋਲੀ ਸਮਝਦੇ ਅਤੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਸਨ, ਇਕ ਬਹੁਤ ਸ਼ਕਤੀਸ਼ਾਲੀ ਰਾਜਾ ਹੁੰਦਾ ਸੀ। ਉਹ ਦੂਰ ਦੁਨੀਆਂ ਦੇ ਇਕ ਕੋਨੇ ਵਿਚ ਰਹਿੰਦਾ ਸੀ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੀ ਮਨੁੱਖ ਜਾਤੀ ਤੇ ਪਸ਼ੂ-ਪੰਛੀਆਂ ’ਤੇ ਇਕੱਲਾ ਹੀ ਰਾਜ ਕਰਦਾ ਸੀ। ਉਸ ਦੇ ਮਹਿਲ ਦੇ ਦੁਆਲੇ ਵੱਡੇ ਜੰਗਲ ਸਨ ਜਿਨ੍ਹਾਂ ਵਿਚ ਕਿੰਨੇ ਹੀ ਪਸ਼ੂ-ਪੰਛੀ ਰਹਿੰਦੇ ਸਨ। ਹਰ ਕੋਈ ਖ਼ੁਸ਼ ਸੀ, ਪਰ ਰਾਣੀ ਆਖਦੀ ਸੀ ਕਿ ਸਾਰੇ ਪੰਛੀਆਂ ਦੇ ਇਕੱਠੇ ਗਾਉਣ ਨਾਲ ਐਨੀ ਭਿਆਨਕ ਤੇ ਬੇਸੁਰੀ ਆਵਾਜ਼ ਪੈਦਾ ਹੁੰਦੀ ਹੈ ਕਿ ਉਸਨੂੰ ਬਹੁਤ ਡਰ ਲੱਗਦਾ ਹੈ। ਇਕ ਦਿਨ ਉਸ ਨੇ ਰਾਜੇ ਨੂੰ ਆਖਿਆ ਕਿ ਸਾਰੇ ਪੰਛੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਚੁੰਝਾਂ ਕੱਟ ਦਿੱਤੀਆਂ ਜਾਣ ਤਾਂ ਜੋ ਉਹ ਗਾ ਨਾ ਸਕਣ। ਰਾਜੇ ਨੇ ਆਖਿਆ, ‘ਠੀਕ ਐ। ਇਹ ਕੁਝ ਦਿਨਾਂ ਵਿਚ ਹੋ ਜਾਏਗਾ।’
ਰਾਣੀ ਦੇ ਕਮਰੇ ਦੇ ਨੇੜੇ ਮਹਿਲ ਦੀ ਛੱਤ ਦੇ ਵਾਧਰੇ ਦੇ ਹੇਠਾਂ ਇਕ ਛੋਟਾ ਚਮਗਿੱਦੜ ਰਹਿੰਦਾ ਸੀ। ਭਾਵੇਂ ਉਹ ਸੁੱਤਾ ਪਿਆ ਲੱਗਦਾ ਸੀ, ਪਰ ਉਸ ਨੇ ਰਾਣੀ ਦੀ ਗੱਲ ਸੁਣ ਲਈ ਤੇ ਸਮਝ ਵੀ ਲਈ। ਉਹ ਸੋਚਣ ਲੱਗਿਆ, ‘ਇਹ ਤਾਂ ਬਹੁਤ ਹੀ ਬੁਰੀ ਗੱਲ ਐ। ਮੈਂ ਵੇਖਦਾਂ ਕਿ ਮੈਂ ਪੰਛੀਆਂ ਲਈ ਕੀ ਕਰ ਸਕਦਾਂ।’
ਅਗਲੇ ਦਿਨ ਰਾਜੇ ਨੇ ਆਪਣੀ ਸਲਤਨਤ ਦੇ ਹਰ ਕੋਨੇ ਵਿਚ ਹਰਕਾਰਿਆਂ ਰਾਹੀਂ ਸੁਨੇਹਾ ਭਿਜਵਾ ਦਿੱਤਾ ਕਿ ਸਾਰੇ ਪੰਛੀ ਤੀਜੇ ਦਿਨ ਦੁਪਹਿਰ ਤਕ ਮਹਿਲ ਵਿਚ ਇਕੱਠੇ ਹੋ ਜਾਣ। ਚਮਗਿੱਦੜ ਨੇ ਵੀ ਰਾਜੇ ਦਾ ਹੁਕਮ ਸੁਣਿਆ। ਉਹ ਸੋਚਦਾ ਰਿਹਾ, ਸੋਚਦਾ ਰਿਹਾ ਅਤੇ ਤੀਜੇ ਦਿਨ ਨਿਸ਼ਚਤ ਸਮੇਂ ਤਕ ਮਹਿਲ ਵਿਚ ਨਾ ਪਹੁੰਚਿਆ। ਜਦੋਂ ਉਹ ਉੱਥੇ ਗਿਆ ਤਾਂ ਰਾਜਾ ਗੁੱਸੇ ਨਾਲ ਕੜਕਿਆ, ‘ਜਦੋਂ ਮੈਂ ਸਾਰਿਆਂ ਨੂੰ ਦੁਪਹਿਰ ਤਕ ਆਉਣ ਲਈ ਆਖਿਆ ਸੀ ਤਾਂ ਤੂੰ ਲੇਟ ਕਿਉਂ ਆਇਐਂ?’
ਚਮਗਿੱਦੜ ਆਖਣ ਲੱਗਿਆ, ‘ਇਨ੍ਹਾਂ ਪੰਛੀਆਂ ਨੂੰ ਤਾਂ ਕੋਈ ਕੰਮ ਨ੍ਹੀਂ, ਇਸ ਲਈ ਰਾਜੇ ਦੇ ਬੁਲਾਉਣ ’ਤੇ ਝੱਟ ਪਹੁੰਚ ਸਕਦੇ ਨੇ। ਮੈਂ ਤਾਂ ਕਿੰਨਾ ਕੁਝ ਕਰਨਾ ਹੁੰਦੈ। ਮੇਰਾ ਬਾਪ ਕੰਮ ਕਰਦਾ ਹੁੰਦਾ ਸੀ ਤੇ ਮੈਨੂੰ ਵੀ ਕਰਨਾ ਈ ਪੈਣਾ ਐ। ਮੇਰੀ ਡਿਊਟੀ ਐ ਕਿ ਮੈਂ ਮਰਦਾਂ ਤੇ ਔਰਤਾਂ ਦੀ ਗਿਣਤੀ ਬਰਾਬਰ ਰੱਖ ਕੇ ਮੌਤ ਦਰ ਨਿਸ਼ਚਤ ਨਾਲੋਂ ਵਧਣ ਨਾ ਦੇਵਾਂ।’
ਹੈਰਾਨ ਹੋਇਆ ਰਾਜਾ ਬੋਲਿਆ, ‘ਮੈਂ ਤਾਂ ਇਸ ਕੰਮ ਬਾਰੇ ਕਦੇ ਨ੍ਹੀਂ ਸੁਣਿਆ। ਤੂੰ ਇਹ ਕਿਵੇਂ ਕਰਦੈਂ?’
ਚਮਗਿੱਦੜ ਨੇ ਦੱਸਿਆ, ‘ਮੈਨੂੰ ਤਾਂ ਦਿਨ ਰਾਤ ਵੀ ਬਰਾਬਰ ਰੱਖਣੇ ਪੈਂਦੇ ਨੇ।’
ਰਾਜਾ ਹੋਰ ਵੀ ਹੈਰਾਨ ਹੋ ਕੇ ਪੁੱਛਣ ਲੱਗਿਆ, ‘ਤੂੰ ਇਹ ਕੰਮ ਵੀ ਕਰਦੈਂ? ਫਿਰ ਤਾਂ ਤੂੰ ਬਹੁਤ ਸ਼ਕਤੀਸ਼ਾਲੀ ਐਂ। ਤੂੰ ਇਹ ਸਾਰਾ ਕੁਝ ਕਿਵੇਂ ਕਰਦੈਂ?’
ਚਮਗਿੱਦੜ ਆਖਣ ਲੱਗਿਆ, ‘ਜਦੋਂ ਰਾਤਾਂ ਛੋਟੀਆਂ ਹੁੰਦੀਆਂ ਨੇ ਤਾਂ ਮੈਂ ਸਵੇਰ ਦਾ ਕੁਝ ਹਿੱਸਾ ਲੈ ਲੈਨਾਂ ਤੇ ਜਦੋਂ ਵੱਡੀਆਂ ਹੁੰਦੀਆਂ ਨੇ ਤਾਂ ਸ਼ਾਮ ਨੂੰ ਥੋੜ੍ਹਾ ਜਿਹਾ ਘਟਾ ਦਿੰਨਾਂ ਅਤੇ ਇਉਂ ਦਿਨ ਰਾਤ ਬਰਾਬਰ ਹੋ ਜਾਂਦੇ ਨੇ। ਇਸ ਤੋਂ ਇਲਾਵਾ, ਲੋਕ ਛੇਤੀ ਛੇਤੀ ਨ੍ਹੀਂ ਮਰਦੇ। ਮੈਂ ਲੰਗੜਿਆਂ ਤੇ ਅੰਨ੍ਹਿਆਂ ਨੂੰ ਪਹਿਲਾਂ ਮਰਨ ਦਿੰਨਾਂ ਤਾਂ ਜੋ ਜਨਮ ਤੇ ਮੌਤ ਦੀ ਦਰ ਇਕੋ ਜਿਹੀ ਰਹੇ। ਕਦੇ ਕਦਾਈਂ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਵਧ ਜਾਂਦੀ ਐ। ਕਈ ਮਰਦ ਆਪਣੀ ਸਮਝ ਤੋਂ ਕੰਮ ਨ੍ਹੀਂ ਲੈਂਦੇ ਤੇ ਔਰਤਾਂ ਦੀ ਆਖੀ ਹਰ ਗੱਲ ਮੰਨੀ ਜਾਂਦੇ ਨੇ। ਅਜਿਹੇ ਮਰਦਾਂ ਨੂੰ ਮੈਂ ਔਰਤਾਂ ਬਣਾ ਦਿੰਨਾਂ ਤੇ ਇਉਂ ਲਿੰਗ ਅਨੁਪਾਤ ਬਰਾਬਰ ਰੱਖਦਾਂ।’
ਰਾਜਾ ਚਮਗਿੱਦੜ ਦੇ ਕਹਿਣ ਦਾ ਮਤਲਬ ਤਾਂ ਸਮਝ ਗਿਆ, ਪਰ ਉਸ ਨੇ ਜ਼ਾਹਰ ਨਾ ਹੋਣ ਦਿੱਤਾ। ਉਸ ਨੂੰ ਆਪਣੇ ਆਪ ’ਤੇ ਬਹੁਤ ਗੁੱਸਾ ਆਇਆ ਕਿ ਉਹ ਰਾਣੀ ਦੇ ਕਹਿਣ ’ਤੇ ਪੰਛੀਆਂ ਦੀਆਂ ਚੁੰਝਾਂ ਕੱਟਣ ਲਈ ਝੱਟ ਮੰਨ ਗਿਆ ਸੀ। ਉਹ ਸ਼ਾਇਦ ਡਰ ਵੀ ਗਿਆ ਕਿ ਕਿਤੇ ਚਮਗਿੱਦੜ ਮੈਨੂੰ ਔਰਤ ਹੀ ਨਾ ਬਣਾ ਦਵੇ।
‘ਮੈਂ ਵਧੀਆ ਰਾਜਾ ਨ੍ਹੀਂ।’ ਉਹ ਸੋਚਣ ਲੱਗਿਆ, ‘ਮੈਂ ਆਪਣੀ ਪਤਨੀ ਦੀਆਂ ਗੱਲਾਂ ਵਿਚ ਆ ਕੇ ਪੰਛੀਆਂ ਦੀਆਂ ਚੁੰਝਾਂ ਕੱਟਣ ਦਾ ਹੁਕਮ ਦੇ ਦੇਣਾ ਸੀ। ਮੈਨੂੰ ਆਪਣੇ ਆਪ ’ਤੇ ਬਹੁਤ ਸ਼ਰਮ ਆਉਂਦੀ ਐ। ਹੁਣ ਮੈਂ ਇਹ ਹੁਕਮ ਨਹੀਂ ਦਿਆਂਗਾ ਅਤੇ ਪੰਛੀਆਂ ਨੂੰ ਵਾਪਸ ਭੇਜ ਦਿਆਂਗਾ।’ ਉਸ ਨੇ ਸਾਰੇ ਪੰਛੀਆਂ ਨੂੰ ਬੁਲਾਇਆ ਤੇ ਬੋਲਿਆ, ‘ਹੁਣ ਤਕ ਮਨੁੱਖ ਨੂੰ ਪਤਾ ਨ੍ਹੀਂ ਲੱਗਿਆ ਕਿ ਪੰਛੀਆਂ ਲਈ ਕਿਹੋ ਜਿਹੇ ਕਾਨੂੰਨ ਬਣਾਏ ਜਾਣ। ਅੱਜ ਤੋਂ ਮੈਂ ਕੋਇਲ ਨੂੰ ਤੁਹਾਡਾ ਰਾਜਾ ਬਣਾਉਣ ਦਾ ਐਲਾਨ ਕਰਦਾਂ। ਇਸ ਨੂੰ ਸਲਾਹ ਵੀ ਦਿੰਨਾਂ ਕਿ ਇਹ ਸਿਆਣਪ ਨਾਲ ਰਾਜ ਕਰੇ ਅਤੇ ਇਸ ਕੋਲ ਕੋਈ ਵੀ ਛੋਟਾ ਵੱਡਾ ਗ਼ਰੀਬ-ਅਮੀਰ ਇਨਸਾਫ਼ ਲਈ ਆਵੇ ਤਾਂ ਸਭ ਨੂੰ ਇਕੋ ਜਿਹਾ ਸਮਝੇ ਤੇ ਕਿਸੇ ਦੀ ਤਰਫ਼ਦਾਰੀ ਨਾ ਕਰੇ। ਹੁਣ ਤੁਸੀਂ ਜਾ ਸਕਦੇ ਹੋ।’
ਪਰ ਰਾਜਾ ਚਮਗਿੱਦੜ ’ਤੇ ਔਖਾ ਸੀ ਕਿਉਂਕਿ ਉਸ ਨੇ ਉਸ ਦਾ ਹੁਕਮ ਨਹੀਂ ਸੀ ਮੰਨਿਆ ਤੇ ਦੇਰੀ ਨਾਲ ਪਹੁੰਚਿਆ ਸੀ। ਉਸ ਨੇ ਉਸ ਨੂੰ ਇਹ ਵਿਖਾਉਣ ਲਈ ਕਿ ਮੈਂ ਰਾਜਾ ਹਾਂ ਤੇ ਮੇਰਾ ਹੁਕਮ ਝਟਪਟ ਮੰਨਣਾ ਚਾਹੀਦਾ ਹੈ, ਉਸ ਦੇ ਪੋਲਾ ਜਿਹਾ ਧੱਫਾ ਮਾਰਿਆ ਤੇ ਫਿਰ ਛੱਡ ਦਿੱਤਾ।