ਨਵੀਂ ਦਿੱਲੀ, 25 ਅਗਸਤ

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁੱਡ ਨੇ ਚੀਨ ਦੀ 20ਵੀਂ ਪਾਰਟੀ ਕਾਂਗਰਸ ਤੋਂ ਪਹਿਲਾਂ ਅੱਜ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਗਪਗ 10-15 ਸਾਲ ਹੋਰ ਸੱਤਾ ਵਿੱਚ ਬਣੇ ਰਹਿਣਗੇ ਅਤੇ ਉਨ੍ਹਾਂ ਦੇ ਆਲਮੀ ਨਜ਼ਰੀਏ ਨੂੰ ਸਮਝਣ ਦੀ ਲੋੜ ਹੈ।

ਇੱਥੇ ਮਨੋਹਰ ਪਾਰੀਕਰ ਰੱਖਿਆ ਖੋਜ ਅਤੇ ਮੁਲਾਂਕਣ ਸੰਸਥਾ (ਐੱਮਪੀ-ਆਈਡੀਐੱਸਏ) ਵਿੱਚ ਇੱਕ ਭਾਸ਼ਣ ਦੌਰਾਨ ਰੁੱਡ ਨੇ ਕਿਹਾ, ‘‘ਇਹ ਸੰਭਵ ਹੈ ਕਿ ਸ਼ੀ ਜਿਨਪਿੰਗ ਦੀ ਮੁੜ ਨਿਯੁਕਤੀ ਹੋਵੇਗੀ, ਉੱਥੇ ਕੋਈ ਹੋਰ ਬਦਲਵਾਂ ਉਮੀਦਵਾਰ ਦਿਖਾਈ ਨਹੀਂ ਦੇ ਰਿਹਾ ਹੈ।’’

ਰੁੱਡ ਜਿਹੜੇ ਕਿ ਚੀਨ ਸਬੰਧੀ ਮਾਹਿਰ ਮੰਨੇ ਜਾਂਦੇ ਹਨ, ਨੇ ਕਿਹਾ, ‘‘ਸ਼ੀ ਜਿਨਪਿੰਗ ਸਾਡੇ ਨਾਲ ਰਹਿਣਗੇ…. ਘੱਟੋ ਘੱਟ 2037 ਤੱਕ। ਉਹ ਹੁਣ 69 ਸਾਲਾਂ ਦੇ ਹਨ ਅਤੇ 2037 ਤੱਕ ਉਹ 84 ਸਾਲਾਂ ਦੇ ਹੋਣਗੇ। ਸਾਨੂੰ ਇਸ ਗੱਲ ਦੀ ਆਦਤ ਪਾਉਣ ਦੀ ਲੋੜ ਹੈ ਕਿ ਸ਼ੀ ਜਿਨਪਿੰਗ ਅਤੇ ਸ਼ੀ ਜ਼ਿਨਪਿੰਗ ਦਾ ਚੀਨ ਬਹੁਤ ਲੰਮੇ ਸਮੇਂ ਤੱਕ ਹਨ।’’

ਉਨ੍ਹਾਂ ਮੁਤਾਬਕ ਚੀਨੀ ਅਰਥਵਿਵਸਥਾ ਦੀ ਭਵਿੱਖੀ ਕਾਰਗੁਜ਼ਾਰੀ ਜਿਨਪਿੰਗ ਦੇ ਰਾਜਨੀਤਕ ਨਜ਼ਰੀਏ ਤੋਂ ਇੱਕ ਕਮਜ਼ੋਰ ਸਥਾਨ ਸਾਬਤ ਹੋ ਸਕਦੀ ਹੈ। ਰੁੱਡ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਦੀ 20ਵੀਂ ਕੌਮੀ ਕਾਂਗਰਸ ਵੱਲੋਂ ਆਰਥਿਕ ਟੀਮ ਦੀ ਚੋਣ ’ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਜਿਸ ਨੂੰ ਅਗਲੇ 10-15 ਸਾਲਾਂ ਲਈ ਆਰਥਿਕਤਾ ਨੂੰ ਮੁੜ ਠੀਕ ਕਰਨ ਦਾ ਕੰਮ ਸੌਂਪਿਆ ਜਾਵੇਗਾ।