ਮੁੰਬਈ:ਸੀਨੀਅਰ ਪਟਕਥਾ ਲੇਖਕ ਅਤੇ ਫਿਲਮ ਨਿਰਮਾਤਾ ਸਲੀਮ ਖ਼ਾਨ ਅੱਜ 86 ਵਰ੍ਹਿਆਂ ਦੇ ਹੋ ਗਏ ਹਨ। ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰਦਿਆਂ ਪਿਆਰ ਭਰਿਆ ਸੁਨੇਹਾ ਦਿੱਤਾ ਹੈ। ਬੁੱਧਵਾਰ ਰਾਤ ਨੂੰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੂਰੇ ਪਰਿਵਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸਲਮਾਨ ਖ਼ਾਨ, ਹੈਲਨ, ਸੋਹੇਲ ਖ਼ਾਨ, ਅਰਬਾਜ਼ ਖ਼ਾਨ, ਅਰਪਿਤਾ ਖ਼ਾਨ ਸ਼ਰਮਾ, ਅਤੁਲ ਅਗਨੀਹੋਤਰੀ ਅਤੇ ਅਲਵੀਰਾ ਖ਼ਾਨ ਅਗਨੀਹੋਤਰੀ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨਾਲ ਸਲਮਾਨ ਨੇ ਲਿਖਿਆ ਹੈ, ‘ਜਨਮ ਦਿਨ ਦੀਆਂ ਮੁਬਾਰਕਾਂ ਹੋਣ ਪਿਤਾ ਜੀ’। ਇਸ ਤਸਵੀਰ ਨੂੰ ਹੁਣ ਤੱਕ 1.5 ਲੱਖ ਲੋਕ ਪਸੰਦ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਲੀਮ ਖ਼ਾਨ ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਲੇ’ ਵਰਗੀਆਂ ਕਈ ਸਫ਼ਲ ਫਿਲਮਾਂ ਵਿੱਚ ਆਪਣੇ ਕੰਮ ਲਈ ਵਾਹਵਾਹੀ ਖੱਟ ਚੁੱਕੇ ਹਨ।