‘‘ਕਾਕਾ! ਦੇਖੀਂ ਆਹ ਸਾਈਕਲ ਬੜਾ ਭਾਰਾ ਚਲਦੈ, ਕਿਤੇ ਕੋਈ ਗੋਲ਼ੀ ਗਾਲ਼ੀ ਨਾ ਟੁੱਟ ਗਈ ਹੋਵੇ।’’ ਜਾਗਰ ਨੇ ਸਾਈਕਲਾਂ ਵਾਲੇ ਦੀਪੇ ਦੀ ਦੁਕਾਨ ਮੂਹਰੇ ਪਈ ਥੜ੍ਹੀ ’ਤੇ ਪੈਰ ਰੱਖ ਕੇ ਉਤਰਦਿਆਂ ਕਿਹਾ।

‘‘ਦੇਖਦਾਂ ਬਾਪੂ!’’ ਕਹਿ ਕੇ ਦੀਪੇ ਨੇ ਤੇਲ ਵਾਲੀ ਕੁੱਪੀ ਤੇ ਪੇਚਕਸ ਚੁੱਕਿਆ। ਜਾਗਰ ਹੱਥੋਂ ਸਾਈਕਲ ਫੜ ਕੇ ਸਟੈਂਡ ਲਾ ਉਸ ਕੋਲ ਬੈਠ ਗਿਆ। ਉਸ ਨੇ ਪਹਿਲਾਂ ਪਿਛਲਾ ਚੱਕਾ ਘੁਮਾਇਆ, ਫੇਰ ਅਗਲਾ, ਚੇਨ ਨੂੰ ਨੱਪ ਕੇ ਢਿੱਲੀ, ਕਸੀ ਦੇਖੀ, ਬਰੇਕ ਦੇਖੇ ਕਿਤੇ ਨਾਲ ਨਾ ਖਹਿੰਦੇ ਹੋਣ ਪਰ ਉਹ ਵੀ ਠੀਕ ਸਨ। ਕਰਿੰਕ ਘੁਮਾ ਕੇ ਸੈਂਟਰ ਸਿੱਟ ਚੈੱਕ ਕੀਤਾ, ਉਹ ਵੀ ਠੀਕ ਸੀ। ਫਿਰ ਵੀ ਉਸ ਨੇ ਥੋੜ੍ਹਾ ਥੋੜ੍ਹਾ ਤੇਲ ਦੇ ਦਿੱਤਾ।

‘‘ਸਾਈਕਲ ਤਾਂ ਠੀਕ ਐ ਬਾਪੂ,’’ ਦੀਪੇ ਨੇ ਪਿਛਲੇ ਚੱਕੇ ਨੂੰ ਜ਼ੋਰ ਦੀ ਘੁਮਾਉਂਦਿਆਂ ਕਿਹਾ।

‘‘ਠੀਕ ਐ ਤਾਂ ਭਾਰਾ ਕਿਉਂ ਚਲਦੈ?’’ ਜਾਗਰ ਨੇ ਬਰੇਕ ਨੱਪ ਕੇ ਘੁੰਮਦਾ ਚੱਕਾ ਬੰਦ ਕਰਦਿਆਂ ਕਿਹਾ।

‘‘ਬਾਪੂ ਸੱਚ ਕਹਾਂ, ਉਮਰ ਦੇ ਲਿਹਾਜ਼ ਨਾਲ ਹੁਣ ਤੇਰੀਆਂ ਲੱਤਾਂ ਵਿੱਚ ਹੀ ਜ਼ੋਰ ਘਟ ਗਿਆ।’’

ਦੀਪੇ ਨੂੰ ਜਾਗਰ ਦਾ ਸਰੀਰ ਪਹਿਲਾਂ ਨਾਲੋਂ ਘਟਦਾ ਜਾਂਦਾ ਲੱਗਿਆ ਸੀ।

ਜਾਗਰ ਨੇ ਪਜਾਮੇ ਦਾ ਪਹੁੰਚਾ ਉਪਰ ਚੁੱਕ ਕੇ ਲੱਤਾਂ ਵੱਲ ਨਜ਼ਰ ਮਾਰੀ ਤਾਂ ਉਸ ਨੂੰ ਆਪਣੀਆਂ ਲੱਤਾਂ ਪਹਿਲਾਂ ਨਾਲੋਂ ਪਤਲੀਆਂ ਜਾਪੀਆਂ।

‘‘ਠੀਕ ਐ ਪੁੱਤਰਾ,’’ ਕਹਿ ਜਾਗਰ ਥੜ੍ਹੀ ’ਤੇ ਪੈਰ ਰੱਖ ਸਾਈਕਲ ਉਪਰ ਚੜ੍ਹ ਗਿਆ। ਜਦੋਂ ਉਸ ਨੇ ਸਾਈਕਲ ਰੇੜ੍ਹਨ ਲਈ ਪੈਡਲ ’ਤੇ ਭਾਰ ਦਿੱਤਾ ਤਾਂ ਉਸ ਨੂੰ ਸਾਈਕਲ ਅੱਗੇ ਨਾਲੋਂ ਵੀ ਭਾਰਾ ਲੱਗਣ ਲੱਗਿਆ। ‘‘ਮੁੰਡਾ ਸੱਚ ਹੀ ਕਹਿੰਦੈ ਇਹ ਤਾਂ ਸਮੇਂ ਦਾ ਗੇੜ ਐ ਭਾਈ। ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ,’’ ਗਾਉਂਦਾ ਜਾਗਰ ਗਲ਼ੀ ਦਾ ਮੋੜ ਮੁੜ ਗਿਆ।